ਚੰਡੀਗੜ੍ਹ, 17 ਮਾਰਚ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖ ਕੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT), ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਪੰਜਾਬੀ ਪਾਠ ਪੁਸਤਕ “ਪੰਜਾਬੀ ਪ੍ਰਾਈਮਰ” (ਪੰਜਾਬੀ ਕਾਇਦਾ) ‘ਚ ਮੌਜੂਦ ਕਈ ਗਲਤੀਆਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਹੈ।
ਇਹ ਕਿਤਾਬ, ਜੋ ਕਿ ਬਾਲਵਾਟਿਕਾ/ਆਂਗਣਵਾੜੀ ਪੱਧਰ ਦੇ ਬੱਚਿਆਂ ਅਤੇ ਬਾਲਗ ਸਾਖਰਤਾ ਪ੍ਰੋਗਰਾਮਾਂ ਲਈ ਤਿਆਰ ਕੀਤੀ ਹੈ, ਜਿਸ ‘ਚ ਸਪੈਲਿੰਗਾਂ, ਤੱਥਾਂ ‘ਚ ਅਤੇ ਖਾਸ ਕਰਕੇ ਪੰਜਾਬੀ ਵਰਣਮਾਲਾ ‘ਚ ਬਹੁਤ ਸਾਰੀਆਂ ਗਲਤੀਆਂ ਹਨ ।
ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਦੱਸਿਆ ਕਿ ਉਕਤ ਕਿਤਾਬ ‘ਚ ਸਭ ਤੋਂ ਵੱਡੀਆਂ ਗਲਤੀਆਂ ‘ਚੋਂ ਇੱਕ ਇਹ ਹੈ ਕਿ ਪੰਜਾਬੀ ਵਰਣਮਾਲਾ ਨੂੰ ਸਹੀ ਤਰਤੀਬ “ਓ” ਦੀ ਬਜਾਏ “ਅ” ਤੋਂ ਗਲਤ ਤਰੀਕੇ ਨਾਲ ਸ਼ੁਰੂ ਕੀਤਾ ਹੈ। ਅਜਿਹੀਆਂ ਬੁਨਿਆਦੀ ਗਲਤੀਆਂ ਨਾ ਸਿਰਫ਼ ਨੌਜਵਾਨ ਸਿਖਿਆਰਥੀਆਂ ਨੂੰ ਗੁੰਮਰਾਹ ਕਰਦੀਆਂ ਹਨ ਬਲਕਿ ਬਾਲਗਾਂ ਲਈ ਸਾਖਰਤਾ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਵੀ ਕਮਜ਼ੋਰ ਕਰਦੀਆਂ ਹਨ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਵਿਦਿਅਕ ਸਮੱਗਰੀ, ਖਾਸ ਕਰਕੇ ਬੁਨਿਆਦੀ ਸਿੱਖਿਆ ਲਈ ਤਿਆਰ ਕੀਤੀਆਂ ਸਮੱਗਰੀਆਂ ‘ਚ ਸ਼ੁੱਧਤਾ ਅਤੇ ਪ੍ਰਮਾਣਿਕਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ ਜਾਵੇ।
ਪੰਜਾਬ ਸਪੀਕਰ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਪਾਠ ਪੁਸਤਕ ਦੀ ਤੁਰੰਤ ਸਮੀਖਿਆ ਅਤੇ ਸੋਧ ਪੰਜਾਬੀ ਭਾਸ਼ਾ ਦੇ ਯੋਗ ਮਾਹਰਾਂ ਅਤੇ ਵਿਦਵਾਨਾਂ ਤੋਂ ਕਰਵਾਉਣ ਤਾਂ ਜੋ ਵਿਦਿਆਰਥੀਆਂ ਨੂੰ ਸਹੀ ਅਤੇ ਭਰੋਸੇਮੰਦ ਸਮੱਗਰੀ ਮਿਲ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ‘ਚ ਅਜਿਹੀਆਂ ਗਲਤੀਆਂ ਨੂੰ ਰੋਕਣ ਲਈ ਆਉਣ ਵਾਲੇ ਸਾਰੇ ਪ੍ਰਕਾਸ਼ਨਾਂ ਲਈ ਇੱਕ ਸਖ਼ਤ ਸੰਪਾਦਕੀ ਅਤੇ ਗੁਣਵੱਤਾ-ਜਾਂਚ ਪ੍ਰਕਿਰਿਆ ਸਥਾਪਤ ਕਰਨਾ ਬਹੁਤ ਜ਼ਰੂਰੀ ਹੈ।
ਸਪੀਕਰ ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਦੇਸ਼ ਵਿੱਚ ਮੁੱਢਲੀ ਸਿੱਖਿਆ ਅਤੇ ਸਾਖਰਤਾ ਪ੍ਰੋਗਰਾਮਾਂ ਦੀ ਸਫਲਤਾ ਲਈ ਗਲਤੀ-ਮੁਕਤ ਅਧਿਐਨ ਸਮੱਗਰੀ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਤੁਰੰਤ ਦਖਲ ਦੇਣ ਦੀ ਵੀ ਅਪੀਲ ਕੀਤੀ।