July 8, 2024 1:53 am
Kultar Singh Sandhwan

ਸਰਕਾਰੀ ਸਕੂਲਾਂ ਦੇ ਦਸਵੀਂ ਤੇ ਬਾਰਵੀਂ ‘ਚੋਂ ਮੈਰਿਟ ਸੂਚੀ ਵਾਲੇ ਬੱਚਿਆਂ ਦਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਕਦ ਰਾਸ਼ੀ ਨਾਲ ਸਨਮਾਨ

ਕੋਟਕਪੂਰਾ, 29 ਮਈ 2023: ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਕਾਰੀ ਸਕੂਲਾਂ ਵਿਚ ਦਸਵੀਂ ਦੇ ਪੰਜ ਤੇ ਬਾਰਵੀਂ ਜਮਾਤ ਦੇ ਦੋ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਸਮੇਤ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ 10 ਦੱਸਵੀਂ ਅਤੇ 12 ਬੱਚੇ ਬਾਰਵੀਂ ਦੇ ਸਨਮਾਨ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਪੁੱਜੇ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਭਰ ਦੇ ਵਸਨੀਕਾਂ ਨੂੰ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਮੁਫਤ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਸਰਕਾਰੀ ਸਕੂਲਾਂ ਵਿਚ ਦਸਵੀਂ ਦੇ ਪੰਜ ਤੇ ਬਾਰਵੀਂ ਜਮਾਤ ਦੇ ਦੋ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਨੂੰ ਆਪਣੇ ਅਖਤਿਆਰੀ ਕੋਟੇ ’ਚੋਂ 31-31 ਹਜ਼ਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਵਿੱਚੋਂ ਦਸਵੀਂ ‘ਚੋਂ ਪਹਿਲੇ ਸਥਾਨ ਤੇ ਰਹੀ ਗਗਨਦੀਪ ਕੌਰ ਨੂੰ 21000 ਤੇ ਨਵਜੋਤ ਕੌਰ ਨੂੰ 11000 ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਉਨ੍ਹਾਂ ਬੱਚਿਆਂ, ਉਨ੍ਹਾਂ (Kultar Singh Sandhwan) ਦੇ ਮਾਪਿਆ ਅਤੇ ਖਾਸ ਕਰ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੇ ਅਧਿਆਪਕਾਂ ਦੀ ਮਿਹਨਤ ਹੈ ਜੋ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ 117 ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਆਧੁਨਿਕ ਢੰਗ ਤਰੀਕਿਆਂ ਨਾਲ ਵਿੱਦਿਆ ਹਾਸਿਲ ਕਰਕੇ ਉੱਚ ਆਹੁਦਿਆਂ ‘ਤੇ ਪਹੁੰਚ ਸਕਣਗੇ। ਉਨ੍ਹਾਂ ਵਿਦਿਆਰਥਣ ਗਗਨਦੀਪ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਦਿਆਰਥਣ ਨੇ ਏਨੀ ਸ਼ਾਨਦਾਰ ਪ੍ਰਾਪਤੀ ਕਰਕੇ ਆਪਣੇ ਸਕੂਲ, ਬਲਾਕ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਤੋਂ ਹੋਰਨਾਂ ਬੱਚਿਆ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਮੌਕੇ ਸ. ਸੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ ਤੇ ਫਰੀਦਕੋਟ ਜ਼ਿਲ੍ਹੇ ਦੀਆਂ ਸਿੱਖਿਆ ਪ੍ਰਾਪਤੀਆਂ ‘ਤੇ ਝਾਤ ਪਾਈ। ਇਸ ਮੌਕੇ ਮੈਡਮ ਚਮਕੌਰ ਕੌਰ ਲੈਕਚਰਾਰ ਕਮਰਸ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਪ੍ਰਿੰ. ਨਵਦੀਪ ਸ਼ਰਮਾ, ਪ੍ਰਿੰ. ਪ੍ਰਭਜੋਤ ਸਿੰਘ, ਕਪਿਲ ਕੁਮਾਰ ਮੁੱਖ ਅਧਿਆਪਕ, ਸਤਿਗੁਰ ਸਿੰਘ, ਨਛੱਤਰ ਸਿੰਘ ਢੈਪਈ, ਪੀ.ਆਰ.ਓ ਟੂ ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ, ਇੰਜੀ. ਇੰਦਰਜੀਤ ਸਿੰਘ ਰਿਟਾਇਰ ਚੀਫ ਪੀ.ਐਸ.ਪੀ.ਸੀ.ਐਲ, ਗੁਰਵਿੰਦਰ ਸਿੰਘ ਐੱਮ.ਆਈ.ਐੱਸ ਕੁਆਰਡੀਨੇਟਰ ਤੋਂ ਇਲਾਵਾ ਡਾਕਟਰ ਹਰੀ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।