ਐੱਸ.ਏ.ਐੱਸ ਨਗਰ 23 ਸਤੰਬਰ 2023: ਸਾਲ 2023 ਦੌਰਾਨ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਵੱਲੋ ਆਤਮਾ ਸਕੀਮ ਅਧੀਨ ਕਿਸਾਨ ਵਿਕਾਸ ਚੈਬਰ ਵਿਖੇ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਪ ਲਗਾਇਆ ਗਿਆ।
ਇਸ ਕੈਪ ਵਿੱਚ ਸ. ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ. ਡੇਰਾਬਸੀ ਵੱਲੋ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ, ਸਟੇਜ਼ ਤੇ ਨਾਂ ਰਹਿ ਕੇ ਆਏ ਹੋਏ ਕਿਸਾਨਾਂ ਨਾਲ ਪੰਡਾਲ ਵਿੱਚ ਬੈਠਣ ਨੂੰ ਤਰਜੀਹ ਦਿੱਤੀ ਅਤੇ ਖੇਤੀ ਸਬੰਧੀ ਨਿੱਜੀ ਤਜਰਬੇ ਸਾਂਝੇ ਕਰਦਿਆਂ ਹੋਇਆਂ ਪੰਜਾਬ ਸਰਕਾਰ ਵੱਲੋ ਬਣਦੀ ਹਰੇਕ ਤਰ੍ਹਾਂ ਦੀ ਸਹੂਲਤ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਯਕੀਨ ਦਿਵਾਇਆ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਥੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਦੀ ਲੋੜ ਹੈ ਉਂਥੇ ਬੇਲੋੜੇ ਖਰਚਿਆਂ ਤੋ ਪਰਹੇਜ਼ ਕਰਨਾ ਵੀ ਸਮੇ ਦੀ ਲੋੜ ਹੈ। ਕੈਪ ਵਿੱਚ ਭਾਗ ਲੈ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆ ਨੇ ਖੇਤੀਬਾੜੀ ਵਿਭਾਗ ਵੱਲੋ ਸਬਸਿਡੀ ਤੇ ਦਿੱਤੀਆ ਜਾ ਰਹੀਆਂ ਮਸ਼ੀਨਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਜਸਵਿੰਦਰਪਾਲ ਸਿੰਘ ਨੇ ਕੈਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋ ਕੇਦਰ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਹਾੜ੍ਹੀ ਸੀਜਨ ਦੌਰਾਨ ਖਾਦਾ ਦੀ ਕਿਸ ਤਰ੍ਹਾਂ ਦੀ ਘਾਟ ਨਾ ਆ ਸਕੇ। ਇਸ ਕੈਪ ਵਿੱਚ , ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਗਦੀਸ ਸਿੰਘ ,ਕ੍ਰਿਸ਼ੀ ਵਿਗਿਆਨ ਕੇਦਰ ਮੋਹਾਲੀ ਦੇ ਡਿਪਟੀ ਡਾਇਰੈਕਟਰ ਬੀ.ਐਸ. ਖੱਦਾ, ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਦੇ ਮਾਹਿਰਾਂ ਵੱਲੋ ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਦੇ ਪ੍ਰਬੰਧਨ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਤੋ ਇਲਾਵਾ ਭੂਮੀ ਰੱਖਿਆ, ਮੱਛੀ ਪਾਲਣ, ਪਸ਼ੂ ਪਾਲਣ , ਡੇਅਰੀ,ਖੇਤੀਬਾੜੀ, ਬਾਗਬਾਨੀ ਵਿਭਾਗ, ਐਫ.ਪੀ.ਓਜ. ਅਤੇ ਖੇਤੀ ਇਨਪੁਟਸ ਤਿਆਰ ਕਰਨ ਵਾਲੀਆਂ ਫਰਮਾਂ ਵੱਲੋ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਲਈ ਸਟਾਲ ਲਗਾਏ ਗਏ ।
ਖੇਤੀਬਾੜੀ ਵਿਭਾਗ ਦੁਆਰਾ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਾਂ ਦੀ ਜਿਲ੍ਹੇ ਦੇ ਵੱਖ ਵੱਖ ਕਿਸਾਨਾਂ ਵੱਲੋ ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਤੌਰ ਤੇ ਕੈਪ ਵਿੱਚ ਭਾਗ ਲੈ ਰਹੇ ਕਿਸਾਨਾਂ ਦੀ ਖਿੱਚ ਦਾ ਕੇਦਰ ਰਹੀ। ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਨੇ ਇਸ ਕੈਪ ਵਿੱਚ ਭਾਗ ਲੈ ਰਹੇ ਸਮੂਹ ਕਿਸਾਨ ਵੀਰਾਂ , ਕਿਸਾਨ ਬੀਬੀਆਂ ਅਤੇ ਵੱਖ ਵੱਖ ਵਿਭਾਗਾ ਦੇ ਨੁੰਮਾਇਦਿਆਂ ਦਾ ਧੰਨਵਾਦ ਕੀਤਾ।