July 7, 2024 5:38 pm
Muscat

ਕੁਲਦੀਪ ਸਿੰਘ ਧਾਲੀਵਾਲ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਬਜਟ ‘ਚ 20 ਫ਼ੀਸਦੀ ਵਾਧੇ ਲਈ CM ਮਾਨ ਤੇ ਵਿੱਤ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 10 ਮਾਰਚ 2023: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਲੋਕ ਪੱਖੀ ਤੇ ਵਿਕਾਸਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਇਕ ਸੰਤੁਲਿਤ ਤੇ ਹਰ ਵਰਗ ਦਾ ਧਿਆਨ ਰੱਖਣ ਵਾਲ ਬਜਟ ਪੇਸ਼ ਕੀਤਾ ਗਿਆ ਹੈ। ਸੂਬੇ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਖੇਤਰ ਲਈ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਬਜਟ ਰੱਖਣ ਲਈ ਧਾਲੀਵਾਲ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਲ 2023-24 ਲਈ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 13,888 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਕਿਸਾਨਾਂ ਦੀ ਭਲਾਈ ਲਈ ਯੋਗ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ‘ਨਵੀਂ ਖੇਤੀ ਨੀਤੀ’ ਲਈ ਪੰਜਾਬ ਸਰਕਾਰ ਸਾਰਥਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਜਲਦ ਹੀ ਪੰਜਾਬ ਦੀ ਕਿਰਸਾਨੀ ਦੇ ਸੁਨਹਿਰੀ ਦਿਨ ਮੁੜ ਪਰਤਾਉਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜਿਸ ਨੇ ਫਸਲਾਂ ਦੇ ਬੀਮੇ ਬਾਰੇ ਬਜਟ ਵਿਚ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੌਸਮ ਦੀਆਂ ਤਬਦੀਲੀਆਂ ਅਤੇ ਹੋਰ ਬੇਯਕੀਨੀਆਂ ਤੋਂ ਬਚਾਉਣ ਲਈ ਫਸਲ ਬੀਮਾ ਦੀ ਸਹੂਲਤ ਜਲਦ ਦਿੱਤੀ ਜਾਵੇਗੀ। ਇਸ ਬਾਬਤ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਬਜਟ ਵਿਚ 11 ਫੀਸਦੀ ਵਾਧੇ ਲਈ ਵੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਸਾਲ 2023-24 ਦੌਰਾਨ 3319 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਰਾਸ਼ੀ ‘ਚੋਂ 150 ਕਰੋੜ ਰੁਪਏ ਪੇਂਡੂ ਖੇਤਰਾਂ ਵਿਚ 10 ਹਜ਼ਾਰ ਘਰ ਬਣਾਉਣ ਲਈ ਖਰਚੇ ਜਾਣਗੇ।