ਗੁਰਦਾਸਪੁਰ, 5 ਨਵੰਬਰ 2024: ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਕਲਾਨੌਰ (Kalanur) ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ | ਮ੍ਰਿਤਕ ਨੌਜਵਾਨ ਜੋਰਾਵਰ ਸਿੰਘ ਉਰਫ ਬੱਬੂ (23 ਸਾਲ) ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਕਿਸੇ ਕਿਸਮ ਦੀ ਗੱਲ ਕਰਨ ਤੋਂ ਅਸਮਰੱਥ ਹੈ ।
ਅੱਜ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੁਖੀ ਪਰਿਵਾਰ ਨਾਲ ਦੁੱਖ ਵੰਡਾਉਣ ਕਲਾਨੌਰ (Kalanur) ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਦੁੱਖ ਸਾਂਝਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਮੈਂ ਅਤੇ ਪੰਜਾਬ ਸਰਕਾਰ ਨੌਜਵਾਨ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਹੈ |
ਇਸ ਮੌਕੇ ਕੁਲਦੀਪ ਧਾਲੀਵਾਲ ਨੇ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕਿ ਛੇਤੀ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਜੋਰਾਵਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ ਤਾਂ ਜੋ ਪਰਿਵਾਰ ਆਪਣੇ ਬੱਚੇ ਦਾ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਸਸਕਾਰ ਕਰ ਸਕੇ | ਦੂਜੇ ਪਾਸੇ ਜੋਰਾਵਰ ਸਿੰਘ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੱਦਦ ਮੰਗੀ ਸੀ |