July 4, 2024 8:23 pm
Meet Hayer

ਕੁਲਚਾ ਵਿਵਾਦ: ਬਿਕਰਮ ਮਜੀਠੀਆ ਸਾਬਤ ਕਰਨ ਕੇ ਅਸੀਂ ਹੋਟਲ ‘ਚ ਬੈਠ ਕੇ ਕੁਲਚੇ ਖਾਧੇ, ਨਹੀਂ ਮੁਆਫ਼ੀ ਮੰਗਣ ਮਜੀਠੀਆ: ਮੀਤ ਹੇਅਰ

ਅੰਮ੍ਰਿਤਸਰ, 18 ਅਕਤੂਬਰ 2023: ਪੰਜਾਬ ਵਿੱਚ ਅੰਮ੍ਰਿਤਸਰ ਕੁਲਚੇ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਹੁਣ ਭਖਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ। ਮੀਤ ਹੇਅਰ (Meet Hayer) ਨੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਬਿਕਰਮ ਮਜੀਠੀਆ ਇਹ ਸਾਬਤ ਕਰ ਦੇਣ ਕੇ ਅਸੀਂ ਹੋਟਲ ਦੇ ਕਮਰੇ ‘ਚ ਬੈਠ ਕੇ ਕੁਲਚੇ ਖਾਧੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ, ਨਹੀਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕੇ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹਰਪਾਲ ਚੀਮਾ ਤੇ ਅਮਨ ਅਰੋੜਾ ‘ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਇਹ ਤਿੰਨ ਮੰਤਰੀ ਅੰਮ੍ਰਿਤਸਰ ਵਿਖੇ ਕੁਲਚੇ ਖਾਣ ਗਏ ਸਨ। ਜਦੋਂ ਉਥੇ ਭੀੜ ਦਿਖੀ ਤਾਂ ਸਾਹਮਣੇ ਇਕ ਨਿੱਜੀ ਹੋਟਲ ਵਿੱਚ ਚਲੇ ਗਏ ਅਤੇ ਮੈਨੇਜਰ ਨੂੰ ਕਮਰਾ ਖੋਲ੍ਹਣ ਦੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਮੈਨੇਜਰ ਵੱਲੋਂ ਪੈਸੇ ਮੰਗਣ ‘ਤੇ ਮੰਤਰੀ ਸਾਹਿਬ ਭੜਕ ਗਏ ਸਨ। ਵਿਕਰਮ ਮਜੀਠੀਆ ਨੇ ਕਿਹਾ ਕੇ ਬੇਸ਼ੱਕ ਉਸ ਵੇਲੇ 5500 ਰੁਪਏ ਕਮਰੇ ਦਾ ਕਿਰਾਇਆ ਤਾਂ ਦੇ ਦਿੱਤਾ ਪਰ ਨਾਲ ਹੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਹੋਟਲ ‘ਤੇ ਛਾਪੇਮਾਰੀ ਕਰਵਾ ਦਿੱਤੀ ਅਤੇ ਫਿਰ ਆਬਕਾਰੀ ਮਹਿਕਮੇ ਵੱਲੋਂ ਹੋਟਲ ਨੂੰ ਨੋਟਿਸ ਕੱਢਿਆ ਗਿਆ। ਇਹ ਦੋਵੇਂ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੇ ਹਰਪਾਲ ਸਿੰਘ ਚੀਮਾ ਕੋਲ ਹਨ।

ਬਿਕਰਮ ਮਜੀਠੀਆ ਦੇ ਇਸ ਦੋਸ਼ ‘ਤੇ ਚੁੱਪੀ ਤੋੜਦਿਆਂ ਮੀਤ ਹੇਅਰ ਨੇ ਕਿਹਾ ਕਿ ਹੋਟਲ ਵਿੱਚ ਕੁਲਚੇ ਖਾਣ ਦੀ ਸਾਰੀ ਕਹਾਣੀ ਮਨਘੜਤ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕੇ ਕੁਲਚੇ ਵਾਲੀ ਦੁਕਾਨ ਜਾਂ ਹੋਟਲ ਜਾ ਕੇ ਇਸ ਸਬੰਧੀ ਪੁੱਛਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਵੱਡੇ ਆਗੂਆਂ ਤੋਂ ਇਹੋ ਜਿਹੀਆਂ ਬੇਤੁਕੀਆਂ ਕਹਾਣੀਆਂ ਦੀ ਉਮੀਦ ਨਹੀਂ ਕਰਦਾ। ਮੀਤ ਹੇਅਰ (Meet Hayer) ਨੇ ਬਿਕਰਮ ਮਜੀਠੀਆ ‘ਤੇ ਤੰਜ ਕੱਸਦਿਆਂ ਕਿਹਾ ਕਿ ਜੀਜਾ-ਸਾਲੇ ਵਾਂਗ ਅਸੀਂ ਘਟੀਆ ਰਾਜਨੀਤੀ ਨਹੀਂ ਕਰਦੇ।