Kota

ਕੋਟਾ: ਵਿਦਿਆਰਥੀ ਦੇ ਮੌਤ ਮਾਮਲੇ ‘ਚ ਪੁਲਿਸ ਵੱਲੋਂ ਸਹਿਪਾਠੀ, ਹੋਸਟਲ ਮਾਲਕ ਸਮੇਤ 6 ‘ਤੇ ਕਤਲ ਦਾ ਮਾਮਲਾ ਦਰਜ

ਰਾਜਸਥਾਨ , 07 ਅਗਸਤ 2023 (ਦਵਿੰਦਰ ਸਿੰਘ): ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ 17 ਸਾਲਾ ਮਨਜੋਤ ਸਿੰਘ ਛਾਬੜਾ ਮੈਡੀਕਲ ਕਾਲਜ ‘ਚ ਦਾਖਲੇ ਲਈ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਦੀ ਤਿਆਰੀ ਕਰਨ ਲਈ ਅਪ੍ਰੈਲ ‘ਚ ਹੀ ਕੋਟਾ (Kota) ਆਇਆ ਸੀ। ਰਾਜਸਥਾਨ ਦੇ ਕੋਟਾ ਵਿੱਚ NEET ਪ੍ਰੀਖਿਆ ਦੀ ਤਿਆਰੀ ਕਰਨ ਆਏ ਇੱਕ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।

ਵੀਰਵਾਰ (03 ਅਗਸਤ 2023) ਨੂੰ 17 ਸਾਲਾ ਵਿਦਿਆਰਥੀ ਮਨਜੋਤ ਸਿੰਘ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ ਵਿੱਚੋਂ ਮਿਲੀ। ਪਹਿਲਾਂ ਤਾਂ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ ਪਰ ਅਗਲੇ ਹੀ ਦਿਨ ਇੱਕ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ | ਰਾਜਸਥਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਵਿਦਿਆਰਥੀ ਦੇ ਇੱਕ ਸਹਿਪਾਠੀ, ਹੋਸਟਲ ਦੇ ਮਾਲਕ ਅਤੇ ਚਾਰ ਹੋਰਾਂ ਸਮੇਤ ਛੇ ਜਣਿਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਰਿਪੋਰਟਾਂ ਮੁਤਾਬਕ ਮਨਜੋਤ ਦਾ ਚਿਹਰਾ ਪਲਾਸਟਿਕ ਦੇ ਬੈਗ ਵਿੱਚ ਲਪੇਟਿਆ ਹੋਇਆ ਸੀ ਅਤੇ ਉਸਦੇ ਹੱਥ ਬੰਨ੍ਹੇ ਹੋਏ ਸਨ। ਸ਼ੁਰੂਆਤ ‘ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵਿਦਿਆਰਥੀ ਦੇ ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ।

ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ। ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ, ਪਰ ਪਿਛਲੀ ਖਿੜਕੀਆਂ ਦੇ ਦੋਵੇਂ ਦਰਵਾਜ਼ੇ ਟੁੱਟੇ ਹੋਏ ਸਨ। ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਦੇ ਮੂੰਹ ‘ਤੇ ਪੋਲੀਥੀਨ ਪਾ ਕੇ ਉਸ ਦੇ ਗਲੇ ‘ਚ ਰੱਸੀ ਬੰਨ੍ਹ ਦਿੱਤੀ ਗਈ। ਉਹ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ ਜੇਕਰ ਉਸਦੇ ਹੱਥ ਪਿੱਛੇ ਤੋਂ ਬੰਨ੍ਹੇ ਹੋਏ ਹਨ। ਉਸਦਾ ਕਤਲ ਕੀਤਾ ਗਿਆ ਹੈ ਅਤੇ ਕੋਈ ਵੀ ਸੁਸਾਈਡ ਨੋਟ ਲਿਖ ਸਕਦਾ ਹੈ। ਬੱਚੇ ਦੀ ਮਾਂ ਅਤੇ ਪਿਤਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।

ਸਹਿਪਾਠੀ, ਹੋਸਟਲ ਮਾਲਕ ਸਮੇਤ 6 ਜਣਿਆਂ ‘ਤੇ ਕਤਲ ਦਾ ਮਾਮਲਾ ਦਰਜ

ਪੂਰੇ ਮਾਮਲੇ ਦੀ ਜਾਂਚ ਕਰ ਰਹੇ ਉਪ ਪੁਲਿਸ ਕਪਤਾਨ ਧਰਮਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਹੋਸਟਲ ਦੇ ਮਾਲਕ ਕੇ.ਐਸ.ਸ਼ਾਹ, ਦੋ ਹੋਸਟਲ ਪ੍ਰਬੰਧਕਾਂ ਉਮੇਸ਼ ਕੁਮਾਰ ਅਤੇ ਮੁਕੇਸ਼ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 302 (ਕਤਲ) ਅਤੇ 120 (ਅਪਰਾਧਿਕ ਸਾਜ਼ਿਸ਼) ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਸਹਿਪਾਠੀ ਮ੍ਰਿਤਕ ਵਿਦਿਆਰਥੀ ਦੇ ਇਲਾਕੇ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਨਾਬਾਲਗ ਹੈ ਅਤੇ ਮ੍ਰਿਤਕ ਦੇ ਨਾਲ ਵਾਲੇ ਹੋਸਟਲ ਦੇ ਕਮਰੇ ਵਿੱਚ ਰਹਿੰਦਾ ਸੀ। ਜਮਾਤੀ ਉੱਤਰ ਪ੍ਰਦੇਸ਼ ਦੇ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕਤਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਪਰ ਉਹ ਅੱਗੇ ਦੀ ਜਾਂਚ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਕਤਲ ਦਾ ਮਾਮਲਾ ਦਰਜ ਹੋਣ ਤੱਕ ਮਾਤਾ-ਪਿਤਾ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਿਟੀ ਪੁਲਿਸ ਦੇ ਐਸਪੀ ਸ਼ਰਦ ਚੌਧਰੀ ਨਾਲ ਮੁਲਾਕਾਤ ਕੀਤੀ ਸੀ। ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦੀ ਮੰਗ ’ਤੇ ਪੰਜ ਮੈਂਬਰੀ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।

ਦੱਸ ਦਈਏ ਕਿ ਪਿਛਲੇ 6 ਮਹੀਨਿਆਂ ‘ਚ ਇਨ੍ਹਾਂ 19 ਕੋਚਿੰਗ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਅਸੀਂ ਇਸ ਸਾਲ ਜਨਵਰੀ ਤੋਂ ਬਾਅਦ ਦੀ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਇਹ ਹੁਣ 19 ਤੱਕ ਪਹੁੰਚ ਗਈ ਹੈ। ਡੇਢ ਮਹੀਨਾ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ 17 ਸਾਲਾ ਵਿਦਿਆਰਥੀ ਆਦਿਤਿਆ ਸੇਠ ਕੋਟਾ ਆਇਆ ਸੀ। ਉਸਨੇ ਮੈਡੀਕਲ ਦਾਖਲਾ ਪ੍ਰੀਖਿਆ NEET ਦੀ ਤਿਆਰੀ ਲਈ ਵਿਦਿਆਪੀਠ ਕੋਚਿੰਗ ਇੰਸਟੀਚਿਊਟ ਵਿੱਚ ਦਾਖਲਾ ਲਿਆ ਸੀ। ਫਿਰ 27 ਜੂਨ ਨੂੰ ਵਿਦਿਆਰਥੀ ਆਦਿਤਿਆ ਨੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਪਿੱਛੇ ਇੱਕ ਸੁਸਾਈਡ ਨੋਟ ਛੱਡ ਗਿਆ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਸਨੇ ਆਪਣੀ ਮਰਜ਼ੀ ਨਾਲ ਇਹ ਵੱਡਾ ਕਦਮ ਚੁੱਕਿਆ ਹੈ।

Scroll to Top