ਚੰਡੀਗੜ੍ਹ, 27 ਮਈ 2024: ਆਈ.ਪੀ.ਐੱਲ 2024 ਸੀਜ਼ਨ ਸਮਾਪਤ ਹੋ ਗਿਆ ਹੈ ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕੀਤਾ। ਖ਼ਿਤਾਬੀ ਮੁਕਾਬਲੇ ਵਿੱਚ ਕੇਕੇਆਰ ਨੇ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਟਰਾਫ਼ੀ ’ਤੇ ਕਬਜ਼ਾ ਕੀਤਾ। ਸ਼੍ਰੇਅਸ ਅਈਅਰ ਦੀ ਕਪਤਾਨੀ ‘ਚ ਕੋਲਕਾਤਾ ਨੇ ਪਿਛਲੀ ਵਾਰ 2014 ਦੇ ਸੀਜ਼ਨ ‘ਚ ਖਿਤਾਬ ਜਿੱਤਿਆ ਸੀ ਅਤੇ 10 ਸਾਲਾਂ ਬਾਅਦ ਆਖਿਰਕਾਰ ਟੀਮ ਖਿਤਾਬ ਦੇ ਸੋਕੇ ਨੂੰ ਖਤਮ ਕਰਨ ‘ਚ ਸਫਲ ਰਹੀ ਸੀ।
ਇਸ ਸਾਲ ਦਾ ਪੁਰਸਕਾਰ ਸਮਾਗਮ ਕੁਝ ਖਾਸ ਸੀ ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਹਿਲੀ ਵਾਰ ਪਿੱਚ ਅਤੇ ਗਰਾਊਂਡ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਨੇ ਇਹ ਪੁਰਸਕਾਰ ਜਿੱਤਿਆ ਅਤੇ ਇਨਾਮ ਵਜੋਂ 50 ਲੱਖ ਰੁਪਏ ਪ੍ਰਾਪਤ ਕੀਤੇ।
ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਆਈਪੀਐਲ ਜੇਤੂ ਟੀਮ (Kolkata Knight Riders) ਨੂੰ 20 ਕਰੋੜ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਫਾਈਨਲ ਵਿੱਚ ਹਾਰਨ ਵਾਲੀ ਟੀਮ ਦੀ ਇਨਾਮੀ ਰਾਸ਼ੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਇਹ ਰਕਮ 12.5 ਕਰੋੜ ਰੁਪਏ ਸੀ, ਜਿਸ ਨੂੰ ਇਸੇ ਤਰ੍ਹਾਂ ਰੱਖਿਆ ਗਿਆ ਹੈ। ਕੋਲਕਾਤਾ ਨੂੰ ਚਮਕਦਾਰ ਟਰਾਫੀ ਦੇ ਨਾਲ 20 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ।