ਚੰਡੀਗੜ੍ਹ, 08 ਅਪ੍ਰੈਲ 2025: KKR ਬਨਾਮ LSG: ਆਈਪੀਐਲ 2025 ‘ਚ ਅੱਜ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
ਇਸ ਸੀਜ਼ਨ ‘ਚ ਹੁਣ ਤੱਕ ਦੋਵੇਂ ਟੀਮਾਂ 4-4 ਮੈਚ ਖੇਡ ਚੁੱਕੀਆਂ ਹਨ। ਦੋਵਾਂ ਨੇ 2 ਜਿੱਤੇ ਹਨ ਅਤੇ 2 ਹਾਰੇ ਹਨ। ਆਈਪੀਐਲ ‘ਚ ਹੁਣ ਤੱਕ ਕੋਲਕਾਤਾ ਅਤੇ ਲਖਨਊ ਵਿਚਕਾਰ ਈਡਨ ਗਾਰਡਨ ‘ਚ 2 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਦੋਵਾਂ ਨੇ 1-1 ਜਿੱਤਿਆ ਹੈ।
ਹੁਣ ਤੱਕ ਦੋਵਾਂ ਟੀਮਾਂ (KKR vs LSG) ਵਿਚਕਾਰ ਆਈਪੀਐਲ ‘ਚ ਕੁੱਲ 5 ਮੈਚ ਖੇਡੇ ਜਾ ਚੁੱਕੇ ਹਨ। ਲਖਨਊ ਨੇ 3 ਅਤੇ ਕੋਲਕਾਤਾ ਨੇ 2 ਜਿੱਤੇ ਹਨ। ਜਿਸ ‘ਚ ਕੋਲਕਾਤਾ ਨੂੰ ਆਖਰੀ ਜਿੱਤ ਮਈ 2024 ‘ਚ ਮਿਲੀ ਸੀ।
ਇਸ ਸੀਜ਼ਨ ‘ਚ ਹੁਣ ਤੱਕ, 4 ਵੱਖ-ਵੱਖ ਕੇਕੇਆਰ ਖਿਡਾਰੀਆਂ ਨੇ ਟੀਮ ਲਈ ਅਰਧ ਸੈਂਕੜੇ ਲਗਾਏ ਹਨ। ਜਦੋਂ ਕਿ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਰਘੂਵੰਸ਼ੀ ਨੇ 4 ਮੈਚਾਂ ਵਿੱਚ ਕੁੱਲ 128 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਪਿਛਲੇ ਮੈਚ ‘ਚ 50 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਬਾਅਦ ਕਪਤਾਨ ਅਜਿੰਕਿਆ ਰਹਾਣੇ ਦੂਜੇ ਸਥਾਨ ‘ਤੇ ਹਨ, ਜਿਨ੍ਹਾਂ ਨੇ 4 ਮੈਚਾਂ ‘ਚ ਕੁੱਲ 123 ਦੌੜਾਂ ਬਣਾਈਆਂ ਹਨ।
ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਦੇ ਨਿਕੋਲਸ ਪੂਰਨ ਹੁਣ ਤੱਕ ਆਈਪੀਐਲ 2025 ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾ ਨੇ ਪਹਿਲੇ 4 ਮੈਚਾਂ ‘ਚ 201 ਦੌੜਾਂ ਬਣਾਈਆਂ ਹਨ। ਪੂਰਨ ਨੇ ਦਿੱਲੀ ਕੈਪੀਟਲਜ਼ ਵਿਰੁੱਧ 75 ਦੌੜਾਂ ਦੀ ਅਰਧ-ਸੈਂਕੜਾ ਪਾਰੀ ਖੇਡੀ।
ਈਡਨ ਗਾਰਡਨ ਦੀ ਪਿੱਚ ਰਿਪੋਰਟ
ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤ ਮੱਦਦਗਾਰ ਸਾਬਤ ਹੁੰਦੀ ਹੈ। ਹਾਲਾਂਕਿ, ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਸਪਿੰਨਰਾਂ ਨੂੰ ਵੀ ਇੱਥੇ ਬਹੁਤ ਮੱਦਦ ਮਿਲ ਸਕਦੀ ਹੈ। ਹੁਣ ਤੱਕ ਇੱਥੇ 95 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲੀ ਪਾਰੀ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 39 ਮੈਚਾਂ ‘ਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਹਿਲਾਂ ਪਿੱਛਾ ਕਰਨ ਵਾਲੀ ਟੀਮ ਨੇ 56 ਮੈਚਾਂ ‘ਚ ਜਿੱਤ ਪ੍ਰਾਪਤ ਕੀਤੀ ਹੈ।
ਮੌਸਮ ਦੇ ਹਾਲਾਤ
ਮੰਗਲਵਾਰ ਨੂੰ ਕੋਲਕਾਤਾ ‘ਚ ਮੌਸਮ ਗਰਮ ਰਹੇਗਾ। ਅੱਜ ਇੱਥੇ ਕਾਫ਼ੀ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਹਵਾ ਦੀ ਗਤੀ 11 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।
Read More: GT ਬਨਾਮ SRH: ਆਈਪੀਐਲ 2025 ‘ਚ ਹੈਦਰਾਬਾਦ ਦੀ ਚੌਥੀ ਹਾਰ, ਸਿਰਾਜ ਤੇ ਵਾਸ਼ਿੰਗਟਨ ਦਾ ਸ਼ਾਨਦਾਰ ਪ੍ਰਦਰਸ਼ਨ