ਕੋਲਕਾਤਾ, 21 ਅਪ੍ਰੈਲ 2025: KKR ਬਨਾਮ GT: ਆਈਪੀਐਲ 2025 (IPL 2025) ‘ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਗੁਜਰਾਤ ਟਾਈਟਨਜ਼ (GT) ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ ਅਤੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ । ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਇੰਡੀਅਨ ਪ੍ਰੀਮੀਅਰ ਲੀਗ 2025 ‘ਚ ਗੁਜਰਾਤ ਦੀ ਟੀਮ 7 ਮੈਚਾਂ ‘ਚੋਂ 5 ਜਿੱਤਾਂ ਨਾਲ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦਾ ਪ੍ਰਦਰਸ਼ਨ ਇਸ ਸੀਜ਼ਨ ‘ਚ ਇੰਨਾ ਵਧੀਆ ਨਹੀਂ ਰਿਹਾ। ਕੋਲਕਾਤਾ ਦੀ ਟੀਮ 7 ਮੈਚਾਂ ‘ਚ 3 ਜਿੱਤਾਂ ਨਾਲ ਅੰਕ ਸੂਚੀ’ਚ ਛੇਵੇਂ ਸਥਾਨ ‘ਤੇ ਹੈ। ਪਲੇਆਫ ਨੂੰ ਦੇਖਦੇ ਹੋਏ ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ।
ਆਈਪੀਐਲ ‘ਚ ਪੰਜਵੀਂ ਵਾਰ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR ਬਨਾਮ GT) ਆਹਮੋ-ਸਾਹਮਣੇ ਹੋਣਗੇ। ਹੁਣ ਤੱਕ ਦੋਵਾਂ ਵਿਚਾਲੇ 4 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਗੁਜਰਾਤ ਨੇ 2 ਅਤੇ ਕੋਲਕਾਤਾ ਨੇ 1 ਜਿੱਤਿਆ ਹੈ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋਇਆ। ਦੋਵੇਂ ਟੀਮਾਂ ਨਰਿੰਦਰ ਮੋਦੀ ਸਟੇਡੀਅਮ ‘ਚ ਇੱਕ ਵਾਰ ਭਿੜੀਆਂ ਸਨ, ਉਸ ਮੈਚ ‘ਚ ਕੇਕੇਆਰ ਨੇ 3 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਸਾਈ ਸੁਦਰਸ਼ਨ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਸੁਦਰਸ਼ਨ ਨੇ 7 ਮੈਚਾਂ ‘ਚ ਕੁੱਲ 365 ਦੌੜਾਂ ਬਣਾਈਆਂ ਹਨ। ਸੁਦਰਸ਼ਨ ਨੇ ਇਸ ਸੀਜ਼ਨ ‘ਚ ਹੁਣ ਤੱਕ 4 ਅਰਧ ਸੈਂਕੜੇ ਲਗਾਏ ਹਨ। ਉਹ ਇਸ ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਹਨ। ਕਪਤਾਨ ਅਜਿੰਕਿਆ ਰਹਾਣੇ ਕੇਕੇਆਰ ਦਾ ਸਭ ਤੋਂ ਵੱਧ ਸਕੋਰਰ ਹੈ। ਰਹਾਣੇ ਨੇ 7 ਮੈਚਾਂ ‘ਚ ਕੁੱਲ 221 ਦੌੜਾਂ ਬਣਾਈਆਂ ਹਨ।
ਈਡਨ ਗਾਰਡਨ ਮੈਦਾਨ ਦੀ ਪਿੱਚ ਰਿਪੋਰਟ
ਈਡਨ ਗਾਰਡਨ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇਸ ਸਟੇਡੀਅਮ ‘ਚ ਹੁਣ ਤੱਕ 96 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 40 ਮੈਚ ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 56 ਮੈਚ ਜਿੱਤੇ ਹਨ। ਇਸ ਸਟੇਡੀਅਮ ਦਾ ਸਭ ਤੋਂ ਵੱਧ ਟੀਮ ਸਕੋਰ 262/2 ਹੈ, ਜੋ ਕਿ ਪਿਛਲੇ ਸੀਜ਼ਨ ‘ਚ ਪੰਜਾਬ ਕਿੰਗਜ਼ ਨੇ ਕੋਲਕਾਤਾ ਵਿਰੁੱਧ ਬਣਾਇਆ ਸੀ।
ਕੋਲਕਾਤਾ ਦੇ ਮੌਸਮ ਦੇ ਹਾਲਾਤ
21 ਅਪ੍ਰੈਲ ਨੂੰ ਕੋਲਕਾਤਾ ਵਿੱਚ ਮੌਸਮ ਬਹੁਤ ਗਰਮ ਰਹੇਗਾ। ਦਿਨ ਭਰ ਚਮਕਦਾਰ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 27 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
Read More: GT ਬਨਾਮ DC: ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾਇਆ, ਜੋਸ ਬਟਲਰ ਤੂਫ਼ਾਨੀ ਬੱਲੇਬਾਜ਼ੀ