ਦਿੱਲੀ , 29 ਅਪ੍ਰੈਲ 2025: KKR ਬਨਾਮ DC: ਇੰਡੀਅਨ ਪ੍ਰੀਮੀਅਰ ਲੀਗ 2025 ਦੇ ਸੀਜ਼ਨ ਦੇ ਅਹਿਮ ਮੈਚ ‘ਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਣ ਜਾ ਰਿਹਾ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦਿੱਲੀ ਅਤੇ ਕੋਲਕਾਤਾ ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਦੋਵੇਂ ਟੀਮਾਂ ਅਰੁਣ ਜੇਤਲੀ ਸਟੇਡੀਅਮ ‘ਚ 11 ਵਾਰ ਇੱਕ ਦੂਜੇ ਦੇ ਵਿਰੁੱਧ ਖੇਡੀਆਂ ਹਨ। ਦਿੱਲੀ ਨੇ 5 ਮੈਚ ਜਿੱਤੇ ਅਤੇ ਕੋਲਕਾਤਾ ਨੇ 5 ਮੈਚ ਜਿੱਤੇ ਹਨ। ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਕੋਲਕਾਤਾ ਇੱਥੇ 8 ਸਾਲਾਂ ਤੋਂ ਨਹੀਂ ਜਿੱਤਿਆ ਹੈ। ਟੀਮ ਨੇ ਆਖਰੀ ਵਾਰ 2017 ਦੇ ਸੀਜ਼ਨ ‘ਚ ਜਿੱਤ ਪ੍ਰਾਪਤ ਕੀਤੀ ਸੀ। ]
ਦਿੱਲੀ ਕੈਪੀਟਲਜ਼ ਨੇ ਆਈਪੀਐਲ 2025 ‘ਚ ਹੁਣ ਤੱਕ 9 ‘ਚੋਂ 6 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦੇ 9 ਮੈਚਾਂ ‘ਚ 7 ਅੰਕ ਹਨ ਅਤੇ ਉਹ ਸੱਤਵੇਂ ਸਥਾਨ ‘ਤੇ ਹੈ।
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਅਜਿੰਕਿਆ ਰਹਾਣੇ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਰਹਾਣੇ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 9 ਮੈਚਾਂ ‘ਚ 271 ਦੌੜਾਂ ਬਣਾਈਆਂ ਹਨ। ਵਰੁਣ ਚੱਕਰਵਰਤੀ 9 ਮੈਚਾਂ ‘ਚ 11 ਵਿਕਟਾਂ ਨਾਲ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।
ਦਿੱਲੀ ਕੈਪੀਟਲਜ਼ ਦੇ ਟਾਪ ਆਰਡਰ ਬੱਲੇਬਾਜ਼ ਕੇਐਲ ਰਾਹੁਲ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੇ.ਐੱਲ ਰਾਹੁਲ ਨੇ ਪਿਛਲੇ 8 ਮੈਚਾਂ ‘ਚ 146.18 ਦੇ ਸਟ੍ਰਾਈਕ ਰੇਟ ਨਾਲ 364 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 3 ਅਰਧ ਸੈਂਕੜੇ ਜੜੇ ਹਨ। ਅਭਿਸ਼ੇਕ ਪੋਰੇਲ ਦੂਜੇ ਨੰਬਰ ‘ਤੇ ਹਨ। ਪੋਰੇਲ ਨੇ ਪਿਛਲੇ 9 ਮੈਚਾਂ ‘ਚ 153.33 ਦੇ ਸਟ੍ਰਾਈਕ ਰੇਟ ਨਾਲ 253 ਦੌੜਾਂ ਬਣਾਈਆਂ ਹਨ।
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਰਿਪੋਰਟ
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮੱਦਦ ਗਾਰ ਹੋਵੇਗੀ। ਇੱਥੇ ਆਈਪੀਐਲ ‘ਚ ਹੁਣ ਤੱਕ ਕੁੱਲ 92 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 44 ਮੈਚ ਜਿੱਤੇ ਜਦੋਂ ਕਿ ਪਿੱਛਾ ਕਰਨ ਵਾਲੀ ਟੀਮ ਨੇ 47 ਮੈਚ ਜਿੱਤੇ। ਇੱਕ ਮੈਚ ਵੀ ਬੇਨਤੀਜਾ ਰਿਹਾ। ਇਸ ਸਟੇਡੀਅਮ ਦਾ ਸਭ ਤੋਂ ਵੱਧ ਟੀਮ ਸਕੋਰ 266/7 ਹੈ, ਜੋ ਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਪਿਛਲੇ ਸੀਜ਼ਨ ‘ਚ ਦਿੱਲੀ ਕੈਪੀਟਲਜ਼ ਵਿਰੁੱਧ ਬਣਾਇਆ ਸੀ।
ਦਿੱਲੀ ‘ਚ ਮੌਸਮ ਦੇ ਹਾਲਾਤ
ਮੈਚ ਵਾਲੇ ਦਿਨ ਦਿੱਲੀ ‘ਚ ਬਹੁਤ ਗਰਮੀ ਹੋਵੇਗੀ। ਮੀਂਹ ਪੈਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ। 29 ਅਪ੍ਰੈਲ ਨੂੰ ਇੱਥੇ ਤਾਪਮਾਨ 28 ਤੋਂ 39 ਡਿਗਰੀ ਸੈਲਸੀਅਸ ਰਹੇਗਾ। ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।