ਚੰਡੀਗੜ੍ਹ/ਕਿਲ੍ਹਾ ਰਾਏਪੁਰ (ਲੁਧਿਆਣਾ), 31 ਜਨਵਰੀ 2025: ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਦੇ ਪ੍ਰਮੁੱਖ ਖੇਡ ਮੁਕਾਬਲਿਆਂ ‘ਚੋਂ ਇੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2025 ਦਾ ਉਦਘਾਟਨ ਕੀਤਾ ਹੈ | ਉਨ੍ਹਾਂ ਨੇ ਅੱਜ ਸਥਾਨਕ ਸਟੇਡੀਅਮ ਵਿਖੇ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਕਰਵਾਈ |
ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਖੇਡਾਂ ਲਈ ਅਨੁਕੂਲ ਮਾਹੌਲ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਅਤੇ ਪੰਜਾਬ ‘ਚ ਖੇਡਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਰਹੀ ਹੈ। ਕੈਬਿਨਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਨ੍ਹਾਂ ਇਤਿਹਾਸਕ ਖੇਡਾਂ ਦੀ ਸ਼ੁਰੁਆਤ ਲਈ ਪੰਜਾਬ ਸਰਕਾਰ ਵੱਲੋਂ 75 ਲੱਖ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਸੂਬੇ ਦੇ ਖੇਡਾਂ ਅਤੇ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਪ੍ਰੋਗਰਾਮ ਸੂਬੇ ਭਰ ‘ਚ ਖੇਡ ਸੱਭਿਆਚਾਰ ਸਥਾਪਤ ਕਰਨ ‘ਚ ਸਕਾਰਾਤਮਕ ਯੋਗਦਾਨ ਪਾਵੇਗਾ ਜਿਸ ਨਾਲ ਸੂਬੇ ਦੇ ਹਰ ਕੋਨੇ ਤੋਂ ਪ੍ਰਤਿਭਾ ਨੂੰ ਨਿਖਾਰਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਤਮਗੇ ਜਿੱਤਣ ਵਾਲੇ ਐਥਲੀਟਾਂ ਨੂੰ ਦਿੱਤੇ ਜਾਣ ਵਾਲੇ ਨਕਦ ਇਨਾਮਾਂ ‘ਚ ਵੀ ਵਾਧਾ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਕੀਤੇ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆ’ ਦੇ ਸਾਲਾਨਾ ਪ੍ਰੋਗਰਾਮ ਨੂੰ ਨੌਜਵਾਨਾਂ ਵੱਲੋਂ ਭਾਰੀ ਸਮਰਥਨ ਮਿਲਿਆ ਹੈ। ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦੀ ਹੀ ਪ੍ਰਸਿੱਧ ਪੇਂਡੂ ਓਲੰਪਿਕ ‘ਚ ਬੈਲ ਗੱਡੀਆਂ ਦੀ ਦੌੜ ਨੂੰ ਦੁਬਾਰਾ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਦੌੜ ਇੱਕ ਮਸ਼ਹੂਰ ਖੇਡ ਰਹੀ ਹੈ ਅਤੇ ਇਹ ਦੌੜ ਇਨ੍ਹਾਂ ਖੇਡਾਂ ‘ਚ ਖਿੱਚ ਦਾ ਕੇਂਦਰ ਰਹੀ ਹੈ। ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧ ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਬਾਰੇ ਵਿਚਾਰ ਕਰਨਗੇ ਅਤੇ ਇਸ ਇਰਾਦੇ ਲਈ ਮੁੱਖ ਮੰਤਰੀ ਤੋਂ ਸਮਰਥਨ ਵੀ ਮੰਗਿਆ।
ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੇਂਡੂ ਓਲੰਪਿਕ (Kila Raipur Rural Olympics) ਖੇਡਾਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਖੇਡਾਂ ‘ਚ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।
ਖੇਡਾਂ ਦੇ ਪਹਿਲੇ ਦਿਨ, ਸਾਰੇ ਉਮਰ ਸਮੂਹਾਂ ਦੇ ਖਿਡਾਰੀਆਂ ਨੇ ਦਸ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ, ਜਿਨ੍ਹਾਂ ‘ਚ ਪੁਰਸ਼ਾਂ ਅਤੇ ਔਰਤਾਂ ਲਈ ਹਾਕੀ ਮੈਚ, 14 ਸਾਲ ਅਤੇ 17 ਸਾਲ ਉਮਰ ਸਮੂਹ ‘ਚ ਕੁੜੀਆਂ ਲਈ ਕਬੱਡੀ (ਨੈਸ਼ਨਲ ਸਟਾਈਲ) ਈਵੈਂਟ, ਮੁੰਡਿਆਂ ਅਤੇ ਕੁੜੀਆਂ ਲਈ 60 ਮੀਟਰ ਅਤੇ 100 ਮੀਟਰ ਦੌੜ, ਪੁਰਸ਼ਾਂ ਅਤੇ ਔਰਤਾਂ ਲਈ 1500 ਮੀਟਰ ਦੌੜ, 400 ਮੀਟਰ ਦੌੜ ਹੀਟ ਅਤੇ ਫਾਈਨਲ, ਖੋ-ਖੋ ਦੇ ਮੈਚ, ਪੁਰਸ਼ਾਂ ਲਈ ਵਾਲੀਬਾਲ, ਸ਼ੂਟਿੰਗ ਈਵੈਂਟ ਅਤੇ ਹੋਰ ਵੱਖ-ਵੱਖ ਰਵਾਇਤੀ ਪੇਂਡੂ ਖੇਡਾਂ ਸ਼ਾਮਲ ਹਨ।
ਇਸ ਫੈਸਟੀਵਲ ਦੀ ਪਹਿਲੀ ਸ਼ਾਮ ਨੂੰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਬਾਅਦ 1 ਫਰਵਰੀ ਨੂੰ ਗਾਇਕ ਵਿਰਾਸਤ ਸੰਧੂ ਅਤੇ 2 ਫਰਵਰੀ ਨੂੰ ਕੁਲਵਿੰਦਰ ਬਿੱਲਾ ਦੁਆਰਾ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
Read More: ਕਿਲ੍ਹਾ ਰਾਏਪੁਰ ਦੀ ਜੰਮਪਲ ਪ੍ਰਭਲੀਨ ਕੌਰ ਗਰੇਵਾਲ ਦੀ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਲਈ ਚੋਣ