ਮਾਜਰੀ/ ਐੱਸ.ਏ.ਐੱਸ. ਨਗਰ, 04 ਸਤੰਬਰ 2023: ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਖੇਡਾਂ ਨਾਲ ਵਿਸ਼ੇਸ਼ ਲਗਾਓ ਰਿਹਾ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਾਡੇ ਨੌਜਵਾਨ ਮਾੜੀ ਸੰਗਤ ਵਿੱਚ ਫਸ ਕੇ ਖੇਡਾਂ ਤੋਂ ਦੂਰ ਜਾਣ ਲੱਗ ਪਏ ਸਨ ਪਰ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾ ਕੇ ਨੌਜਵਾਨਾਂ ਅੰਦਰ ਇੱਕ ਨਵਾਂ ਜੋਸ਼ ਭਰਿਆ ਗਿਆ ਜਿਸ ਸਦਕਾ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਪੂਰੇ ਉਤਸ਼ਾਹ ਨਾਲ ਆ ਰਹੇ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ “ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2” ਤਹਿਤ ਕਰਵਾਏ ਜਾ ਰਹੇ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਦੀ ਸਫਲਤਾ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਅਤੇ ਇਸੇ ਤਰ੍ਹਾਂ ਸੀਜ਼ਨ-2 ਨੂੰ ਵੀ ਸਫਲਤਾ ਦੇ ਸ਼ਿਖਰਾਂ ‘ਤੇ ਲਿਜਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਖੇਡ ਨੀਤੀ ਵਿੱਚ ਜਿਥੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਉਥੇ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ‘ਤੇ ਖੇਡਾਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਖੁਰਾਕ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਖਿਡਾਰੀ ਆਧੁਨਿਕ ਢੰਗ ਤਕਨੀਕਾਂ ਨਾਲ ਆਪਣੀ ਖੇਡ ਦੀ ਤਿਆਰੀ ਕਰਕੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਰਹੀ ਹੈ ਅਤੇ ਪੰਜਾਬ ਨੇ ਦੇਸ਼ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਰਹਿੰਦੇ ਖਿਡਾਰੀ ਪਹਿਲਾਂ ਕਈ ਤਰ੍ਹਾਂ ਦੀਆਂ ਕਮੀਆਂ ਕਾਰਨ ਅੱਗੇ ਨਹੀਂ ਵੱਧ ਸਕਦੇ ਸਨ ਪ੍ਰੰਤੂ ਹੁਣ ਸਰਕਾਰ ਇਨ੍ਹਾਂ ਖਿਡਾਰੀਆਂ ਨੂੰ ਅੱਗੇ ਵੱਧਣ ਦੀ ਵਧੇਰੇ ਮੌਕੇ ਪ੍ਰਦਾਨ ਕਰ ਰਹੀ ਹੈ, ਜਿਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਖੇਡਾਂ ਵਿੱਚ ਪੰਜਾਬ ਦਾ ਭਵਿੱਖ ਬਹੁਤ ਉਜਵਲ ਹੈ।
ਜ਼ਿਕਰਯੋਗ ਹੈ ਕਿ ਬਲਾਕ ਮਾਜਰੀ ਦੇ ਮੁਕਾਬਲਿਆਂ ਤਹਿਤ 100 ਮੀਟਰ ਲੜਕੇ ਅੰਡਰ 21 ਤੋਂ 30 ਵਿਚ ਪਹਿਲਾ ਸਥਾਨ ਗੁਰਮੀਤ ਸਿੰਘ, ਦੂਜਾ ਸਥਾਨ ਵਿਵੇਕ ਕੁਮਾਰ ਅਤੇ ਤੀਜਾ ਸਥਾਨ ਅੰਸ਼ ਕੁਮਾਰ ਨੇ ਹਾਸਲ ਕੀਤਾ। 400 ਮੀਟਰ ਲੜਕੇ ਅੰਡਰ 21 ਤੋਂ 30 ਵਿਚ ਪਹਿਲਾ ਸਥਾਨ ਸ਼ੁਭਮ, ਦੂਜਾ ਸਥਾਨ ਗੁਰਜੀਤ ਅਤੇ ਤੀਜਾ ਸਥਾਨ ਅੰਸ਼ ਕੁਮਾਰ ਨੇ ਹਾਸਲ ਕੀਤਾ।
ਸ਼ਾਟਪੁੱਟ ਅੰਡਰ 14 ਲੜਕਿਆਂ ਦੇ ਮੁਕਾਬਲੇ ਵਿਚਪਹਿਲਾ ਸਥਾਨ ਸਹਿਜਵੀਰ, ਦੂਜਾ ਸਥਾਨ ਅਭਿਸ਼ੇਕ ਅਤੇ ਤੀਜਾ ਸਥਾਨ ਆਕਾਸ਼ ਕੁਮਾਰ ਨੇ ਮੱਲਿਆ। 600 ਮੀਟਰ ਅੰਡਰ 14 ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪੀਹੂ, ਸ਼ੰਕਰ ਦਾਸ ਅਕੈਡਮੀ, ਦੂਜਾ ਸਥਾਨ ਕਾਵਿਆ ਸ਼ੰਕਰ ਦਾਸ ਅਕੈਡਮੀ ਅਤੇ ਤੀਜਾ ਸਥਾਨ ਅਰਸ਼ਦੀਪ ਸ਼ੰਕਰ ਦਾਸ ਅਕੈਡਮੀ ਨੇ ਪ੍ਰਾਪਤ ਕੀਤਾ।
600 ਮੀਟਰ ਅੰਡਰ 14 ਲੜਕੇ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬਸੰਤ ਸਿੰਘ ਮਾਜਰੀ, ਦੂਜਾ ਸਥਾਨ ਅਦਿੱਤਾ ਕੁਮਾਰ ਤੇ ਤੀਜਾ ਸਥਾਨ ਸੰਤਾ ਸਿੰਘ ਢਕੌਰਾ ਨੇ ਹਾਸਲ ਕੀਤਾ। 200 ਮੀਟਰ ਅੰਡਰ 17 ਲੜਕੇ ਵਿਚ ਪਹਿਲਾ ਸਥਾਨ ਗੁਰਪ੍ਰਤਾਪ ਸਿੰਘ ਢਕੌਰਾ, ਦੂਜਾ ਸਥਾਨ ਅਭਿਨਾਸ਼ ਮੁਲਾਂਪੁਰ ਅਤੇ ਤੀਜਾ ਸਥਾਨ ਵਿਸ਼ਵਜੀਤ ਨੇ ਹਾਸਲ ਕੀਤਾ।
ਕਬੱਡੀ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹੁਸ਼ਿਆਰਪੁਰ, ਦੂਜਾ ਸਥਾਨ ਫਾਟਵਾਂ ਅਤੇ ਤੀਜਾ ਸਥਾਨ ਖਾਲਸਾ ਸਕੂਲ ਕੁਰਾਲੀ ਨੇ ਹਾਸਲ ਕੀਤਾ। ਕਬੱਡੀ ਅੰਡਰ 17 ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹੁਸ਼ਿਆਰਪੁਰ, ਦੂਜਾ ਸਥਾਨ ਬੂਥਗੜ੍ਹ ਅਤੇ ਤੀਜਾ ਸਥਾਨ ਫਾਟਵਾਂ ਨੇ ਹਾਸਲ ਕੀਤਾ। ਕਬੱਡੀ ਅੰਡਰ 14 ਲੜਕੇ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਮੀਆਂਪੁਰ ਚੰਗਰ, ਦੂਜਾ ਸਥਾਨ ਫਾਟਵਾਂ ਅਤੇ ਤੀਜਾ ਸਥਾਨ ਖੈਰਪੁਰ ਨੇ ਹਾਸਲ ਕੀਤਾ।