ਖੰਨਾ, 18 ਮਈ 2024: ਖੰਨਾ ਪੁਲਿਸ (Khanna police) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਦੀ ਚੌਕਸੀ ਦਰਮਿਆਨ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿੱਲੋ ਅਫੀਮ ਬਰਾਮਦ ਕੀਤੀ ਹੈ। ਇਨ੍ਹਾਂ ਤਸਕਰਾਂ ਕੋਲੋਂ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਇਹ ਚਾਰੇ ਜਣੇ ਇੱਕ ਆਈ-20 ਕਾਰ ਵਿੱਚ ਜਾ ਰਹੇ ਸਨ, ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜੇ ਫੜਿਆ ਗਿਆ। ਦੋ ਤਸਕਰ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚੋਣਾਂ ਦਰਮਿਆਨ ਨਸ਼ਿਆਂ ਦੀ ਇਹ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ (Khanna police) ਅਮਲੋਹ ਰੋਡ ਚੌਕ ਨੇੜੇ ਮਿਲਟਰੀ ਗਰਾਊਂਡ ਦੇ ਸਾਹਮਣੇ ਨਾਕਾਬੰਦੀ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਇੱਕ ਸੁਨਹਿਰੀ ਰੰਗ ਦੀ ਆਈ-20 ਕਾਰ ਜਿਸ ਵਿੱਚ ਦਿੱਲੀ ਨੰਬਰ ਸੀ. ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ।
ਕਾਰ ਵਿੱਚ ਸੁਧੀਰ ਕੁਮਾਰ ਤੇ ਸੌਰਵ ਵਾਸੀ ਬਰੇਲੀ (ਯੂ.ਪੀ.), ਰੌਸ਼ਨ ਲਾਲ ਵਾਸੀ ਦਾਊਮਾਜਰਾ ਅਤੇ ਮਨਪ੍ਰੀਤ ਸਿੰਘ ਵਾਸੀ ਪੀਰਖਾਨਾ ਰੋਡ ਖੰਨਾ ਸਵਾਰ ਸਨ। ਕਾਰ ਦੇ ਡੈਸ਼ਬੋਰਡ ‘ਚੋਂ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਬਰਾਮਦ ਹੋਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੋਸ਼ਨ ਲਾਲ ਅਤੇ ਮਨਪ੍ਰੀਤ ਸਿੰਘ ਵਾਸੀ ਖੰਨਾ ਦੇ ਸਬੰਧ ਬਰੇਲੀ ਦੇ ਨਸ਼ਾ ਤਸਕਰ ਸੁਧੀਰ ਅਤੇ ਸੌਰਵ ਨਾਲ ਸਨ। ਜਿਸ ਤੋਂ ਬਾਅਦ ਅਫੀਮ ਦੀ ਖੇਪ ਨੂੰ ਖੰਨਾ ਲਿਆਂਦਾ ਗਿਆ। ਇਸ ਨੂੰ ਖੰਨਾ ‘ਚ ਸਪਲਾਈ ਕੀਤਾ ਜਾਣਾ ਸੀ।