ਚੰਡੀਗੜ੍ਹ, 15 ਮਾਰਚ 2023: ਖੰਨਾ ਪੁਲਿਸ (Khanna Police) ਨੇ ਨਕਲੀ ਨੋਟ ਤਿਆਰ ਕਰਕੇ ਬਾਜ਼ਾਰਾਂ ਚ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਇਸ ਗਿਰੋਹ ਦੇ ਚਾਰ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਹੈ । ਇਹਨਾਂ ਕੋਲੋਂ 1 ਲੱਖ 19 ਹਜ਼ਾਰ 500 ਰੁਪਏ ਬਰਾਮਦ ਹੋਏ ਹਨ । ਇਹ ਕਰੰਸੀ ਉੱਤਰ ਪ੍ਰਦੇਸ਼ ‘ਚ ਤਿਆਰ ਕੀਤੀ ਜਾਂਦੀ ਹੈ। ਇਸ ਬਾਰੇ ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਖੰਨਾ ਪੁਲਿਸ (Khanna Police), ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਅਮਲੋਹ ਚੌਂਕ ਨੇੜੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਹ ਵਿਅਕਤੀ ਹਰਿਆਣਾ ਨੰਬਰ ਕਾਰ ‘ਚ ਮਿਲਟਰੀ ਗਰਾਉਂਡ ਨੇੜੇ ਬੈਠੇ ਸੀ।
ਇਹਨਾਂ ਕੋਲੋਂ 500 ਰੁਪਏ ਦੇ 227 ਨੋਟ ਅਤੇ 20 ਰੁਪਏ ਦੇ 300 ਨੋਟ ਬਰਾਮਦ ਹੋਏ। ਕਾਬੂ ਕੀਤੇ ਚਾਰ ਵਿਅਕਤੀਆਂ ‘ਚੋਂ ਤਿੰਨ ਹਰਿਆਣਾ ਦੇ ਵਸਨੀਕ ਹਨ ਅਤੇ ਇੱਕ ਖੰਨਾ ਦਾ ਰਹਿਣ ਵਾਲਾ ਹੈ। ਹਰਿਆਣਾ ਦੇ ਕਰਨਾਲ ਵਾਸੀ ਨਰੇਸ਼ ਕੁਮਾਰ ਰਾਜ ਖ਼ਿਲਾਫ਼ ਕਤਲ ਦਾ ਕੇਸ ਦਰਜ ਹੈ। ਪਾਣੀਪਤ ਵਾਸੀ ਕੁਲਦੀਪ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਦੇ ਮੁਕੱਦਮੇ ਦਰਜ ਹਨ। ਨਿਰਪਾਲ ਸਿੰਘ ਹੈਪੀ ਜੋ ਕਿ ਖੰਨਾ ਦਾ ਰਹਿਣ ਵਾਲਾ ਹੈ ਸਾਲ 2014 ‘ਚ ਲਿਬਨਾਨ ਵਿਖੇ ਓਵਰਸਟੇਅ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਿੰਨ ਸਾਲ ਜੇਲ੍ਹ ਰਹਿਣ ਮਗਰੋਂ ਭਾਰਤ ਆਇਆ ਸੀ। ਇੱਥੇ ਆ ਕੇ ਉਹ ਫੇਸਬੁੱਕ ਰਾਹੀਂ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਸੰਪਰਕ ‘ਚ ਆਇਆ |