July 1, 2024 12:57 am
Jassa Singh Ramgarhia

ਜੱਸਾ ਸਿੰਘ ਰਾਮਗੜ੍ਹੀਆ ਸੰਬੰਧੀ ਖ਼ਾਲਸਾ ਫ਼ਤਹਿ ਮਾਰਚ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ, 20 ਅਪ੍ਰੈਲ 2023 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ (Jassa Singh Ramgarhia) ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਫ਼ਤਹਿ ਮਾਰਚ ਜੋ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਆਰੰਭ ਕੀਤਾ ਗਿਆ ਸੀ, ਅੱਜ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਤੋਂ ਅਗਲੇ ਪੜਾਅ ਲਈ ਖਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ।

ਇਹ ਫ਼ਤਹ ਮਾਰਚ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਦਿੱਲੀ ਦੇ ਫ਼ਤਹ ਨਗਰ ਸਥਿਤ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਵਿਖੇ ਨਗਰ ਕੀਰਤਨ ਦੀ ਅੱਗੇ ਰਵਾਨਗੀ ਤੋਂ ਪਹਿਲਾਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਜਿਉਂ ਹੀ ਫ਼ਤਹ ਮਾਰਚ ਦੀ ਰਵਾਨਗੀ ਹੋਈ ਤਾਂ ਵੱਡੀ ਗਿਣਤੀ ਵਿਚ ਪੁੱਜੀ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ।

ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਫ਼ਤਹ ਨਗਰ ਤੋਂ ਆਰੰਭ ਹੋਣ ਮਗਰੋਂ ਖ਼ਾਲਸਾ ਫ਼ਤਹਿ ਮਾਰਚ ਦਿੱਲੀ ਦੇ ਤਿਲਕ ਨਗਰ, ਜਨਕਪੁਰੀ, ਵਿਕਾਸਪੁਰੀ, ਰਿੰਗ ਰੋਡ, ਮੀਰਾ ਬਾਗ, ਗੁਰੂ ਹਰਿਕ੍ਰਿਸ਼ਨ ਨਗਰ, ਸੁੰਦਰ ਨਗਰ, ਮੰਗੋਲਪੁਰੀ, ਰੋਹਿਨੀ, ਪੀਤਮਪੁਰਾ, ਭਾਈਪਾਸ ਸੰਜੇ ਗਾਂਧੀ ਟਰਾਸਪੋਰਟ ਨਗਰ ਤੋਂ ਹੁੰਦਾ ਹੋਇਆ ਡੇਰਾ ਬਾਬਾ ਸੁੱਖਾ ਸਿੰਘ ਜੀ ਕਾਰਸੇਵਾ ਵਾਲੇ ਕਲੰਦਰੀ ਗੇਟ ਕਰਨਾਲ ਵਿਖੇ ਪੁੱਜਾ। ਰਸਤੇ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ਵਿਚ ਹਾਜ਼ਰੀ ਭਰੀ ਅਤੇ ਕਈ ਥਾਵਾਂ ’ਤੇ ਲੰਗਰ ਆਦਿ ਦੇ ਪ੍ਰਬੰਧ ਵੀ ਕੀਤੇ।

ਨਗਰ ਕੀਰਤਨ ਦਾ ਹਰਿਆਣਾ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ. ਤੇਜਿੰਦਰਪਾਲ ਸਿੰਘ, ਬੀਬੀ ਮਨਜੀਤ ਕੌਰ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਭਰਵਾਂ ਸਵਾਗਤ ਕੀਤਾ। ਖ਼ਾਲਸਾ ਫ਼ਤਹ ਮਾਰਚ ਦੌਰਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸ਼ਤਰਾਂ ਵਾਲੀ ਬੱਸ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

ਖ਼ਾਲਸਾ ਫ਼ਤਹਿ ਮਾਰਚ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ, ਮੈਂਬਰ ਸ. ਗੁਰਮਿੰਦਰ ਸਿੰਘ ਮਠਾਰੂ, ਬੀਬੀ ਰਣਜੀਤ ਕੌਰ, ਸ. ਸੁਖਵਿੰਦਰ ਸਿੰਘ ਬੱਬਰ, ਸ. ਕੁਲਦੀਪ ਸਿੰਘ ਭੋਗਲ, ਸ. ਸੁਖਦੇਵ ਸਿੰਘ ਰਿਆਤ, ਸ. ਸਿਮਰਜੀਤ ਸਿੰਘ, ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਰਿੰਦਰਪਾਲ ਸਿੰਘ ਸੁਮਾਨਾ, ਸ. ਜਸਵੀਰ ਸਿੰਘ ਲੌਂਗੋਵਾਲ, ਇੰਚਾਰਜ ਸ. ਮਨਜੀਤ ਸਿੰਘ, ਸ. ਕਰਤਾਰ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਸ. ਸੁਰਿੰਦਰ ਸਿੰਘ ਰਾਮਗੜੀਆ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ।