ਚੰਡੀਗੜ੍ਹ, 30 ਜੁਲਾਈ 2024: ਕੇਰਲ ਦੇ ਵਾਇਨਾਡ (Wayanad) ਜ਼ਿਲੇ ‘ਚ ਭਾਰੀ ਮੀਂਹ ਤੋਂ ਬਾਅਦ ਭਿਆਨਕ ਜ਼ਮੀਨ ਖਿਸਕਣ ਦੀ ਘਟਨਾਵਾਂ ਸਾਹਮਣੇ ਆਈਆਂ ਹਨ | ਕੇਰਲ ਦੇ ਮੁੰਦਕਈ ਅਤੇ ਚੂਰਲਮਾਲਾ ਕਸਬੇ ‘ਚ ਸੈਂਕੜੇ ਘਰ, ਵਾਹਨ ਅਤੇ ਦੁਕਾਨਾਂ ਨੂੰ ਭਾਰੀ ਮੀਂਹ ਕਾਰਨ ਨੁਕਸਾਨ ਪਹੁੰਚਿਆ ਹੈ। ਇਸਦੇ ਨਾਲ ਹੀ 24 ਜਣਿਆਂ ਦੀ ਮੌਤ ਦੀ ਖ਼ਬਰ ਹੈ |
ਦੂਜੇ ਪਾਸੇ ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਕੇਐਸਡੀਐਮਏ) ਨੇ ਕਿਹਾ ਕਿ ਬਚਾਅ ਕਾਰਜਾਂ ਲਈ ਕਈ ਟੀਮਾਂ ਪ੍ਰਭਾਵਿਤ ਖੇਤਰਾਂ ‘ਚ ਭੇਜੀਆਂ ਗਈਆਂ ਹਨ। ਹਾਲਾਂਕਿ ਭਾਰੀ ਮੀਂਹ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ।
ਭਾਰਤੀ ਫੌਜ ਨੇ ਦੱਸਿਆ ਕਿ ਕੇਰਲ ਦੇ ਵਾਇਨਾਡ (Wayanad) ਦੇ ਮੇਪਦੀ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਸੈਂਕੜੇ ਜਣੇ ਦੇ ਫਸੇ ਹੋਣ ਦਾ ਖਦਸ਼ਾ ਹੈ। ਸਿਵਲ ਪ੍ਰਸ਼ਾਸਨ ਦੀ ਮੱਦਦ ਲਈ ਅੱਜ ਸਵੇਰੇ ਫੌਜ ਨੂੰ ਬੇਨਤੀ ਕੀਤੀ ਗਈ ਸੀ। ਬਚਾਅ ਕਾਰਜ ਲਈ ਹੁਣ ਤੱਕ ਤਾਇਨਾਤ ਕੀਤੇ ਗਏ ਫੌਜ ਦੇ ਜਵਾਨਾਂ ਦੀ ਕੁੱਲ ਗਿਣਤੀ ਲਗਭਗ 225 ਹੈ, ਜਿਸ ਵਿੱਚ ਮੈਡੀਕਲ ਕਰਮਚਾਰੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਈ ਹੋਰਾਂ ਨੇ ਇਸ ਪੂਰੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੋਂ ਤੱਕ ਕਿ ਪੀਐਮ ਮੋਦੀ ਨੇ ਜ਼ਮੀਨ ਖਿਸਕਣ ‘ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।