ਚੰਡੀਗੜ੍ਹ, 29 ਅਪ੍ਰੈਲ 2024: ਅਫਰੀਕੀ ਦੇਸ਼ ਕੀਨੀਆ (Kenya) ਦੇ ਪੱਛਮੀ ਖੇਤਰ ‘ਚ ਇਕ ਡੈਮ ਟੁੱਟਣ ਨਾਲ ਘੱਟੋ-ਘੱਟ 40 ਜਣਿਆਂ ਦੀ ਮੌਤ ਹੋ ਗਈ ਹੈ। ਕੀਨੀਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਸਟੀਫਨ ਕਿਰੂਈ ਨੇ ਐਸੋਸੀਏਟਿਡ ਪ੍ਰੈਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਮੁੱਖ ਸੜਕ ਤੱਕ ਪਹੁੰਚ ਨੂੰ ਰੋਕ ਦਿੱਤਾ। ਸਥਿਤੀ ਕਾਬੂ ਤੋਂ ਬਾਹਰ ਹੈ ਅਤੇ ਲੋਕਾਂ ਨੂੰ ਮੱਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਗ੍ਰੇਟ ਰਿਫਟ ਵੈਲੀ ਖੇਤਰ ਦੇ ਮਾਈ ਮਾਹੀਊ ਇਲਾਕੇ ‘ਚ ਸਥਿਤ ਪੁਰਾਣੇ ਕਿਜਾਬੇ ਡੈਮ ਦੇ ਟੁੱਟਣ ਕਾਰਨ ਵਾਪਰੀ ਹੈ । ਗ੍ਰੇਟ ਰਿਫਟ ਵੈਲੀ ਖੇਤਰ ਵਿੱਚ ਅਚਾਨਕ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਹੇਠਾਂ ਵੱਲ ਵਗਣਾ ਸ਼ੁਰੂ ਹੋ ਗਿਆ। ਕੀਨੀਆ (Kenya) ‘ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ।
ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਹੜ੍ਹ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ ਅਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਨੈਰੋਬੀ ਵਿੱਚ ਸਥਿਤੀ ਬਹੁਤ ਮੁਸ਼ਕਿਲ ਹੋ ਗਈ ਹੈ, ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਾਰੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਪਰ ਸਥਿਤੀ ਕਾਬੂ ਤੋਂ ਬਾਹਰ ਹੈ। ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਸਮ ਵਿਗਿਆਨੀਆਂ ਨੇ ਜੂਨ ਮਹੀਨੇ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੀਨੀਆ ਵਿੱਚ ਮਾਰਚ ਤੋਂ ਬਾਰਿਸ਼ ਹੋ ਰਹੀ ਹੈ। ਪਰ ਹਾਲ ਦੀ ਘੜੀ ਭਾਰੀ ਮੀਂਹ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ।