ਚੰਡੀਗੜ੍ਹ, 13 ਸਤੰਬਰ 2024 : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਫੈਸਲਾ ਸੱਚ ਅਤੇ ਇਨਸਾਫ ਦਾ ਸਬੂਤ ਹੈ।
ਉੱਥੇ ਹੀ ਸਪੀਕਰ ਸੰਧਵਾਂ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਡੇ ਸਟੈਂਡ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਖਿਲਾਫ ਮਾਮਲਾ ਸਿਆਸੀ ਤੌਰ `ਤੇ ਪ੍ਰੇਰਿਤ ਅਤੇ ਝੂਠ `ਤੇ ਬਣਾਇਆ ਗਿਆ ਸੀ।’’
ਸਪੀਕਰ ਨੇ ਇਸ ਜਿੱਤ ਤੇ ਕੇਜਰੀਵਾਲ ਅਤੇ ‘ਆਪ ਨੂੰ ਵਧਾਈ ਦਿੰਦੇ ਹੋਏ ਕਿਹਾ, ‘‘ਸੱਚ ਦੀ ਜਿੱਤ ਹੋਈ ਹੈ ਅਤੇ ਨਿਆਂ ਦਿੱਤਾ ਗਿਆ ਹੈ। ਇਹ ਫੈਸਲਾ ਸਾਡੇ ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਲਚਕੀਲੇਪਣ ਦਾ ਪ੍ਰਮਾਣ ਹੈ।”
ਸੰਧਵਾਂ ਨੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਕੇਂਦਰ ਸਰਕਾਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ, ‘’ਇਸ ਫੈਸਲੇ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਝੂਠੇ ਕੇਸਾਂ ਅਤੇ ਪ੍ਰੇਸ਼ਾਨੀਆਂ ਰਾਹੀਂ ਸਿਆਸੀ ਵਿਰੋਧ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਹੈ।”
ਸਪੀਕਰ ਨੇ ਭਰੋਸਾ ਪ੍ਰਗਟਾਇਆ ਕਿ ਇਸ ਫੈਸਲੇ ਨਾਲ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਿਰੁੱਧ ਲੜ ਰਹੇ ‘ਆਪ` ਵਰਕਰਾਂ ਅਤੇ ਆਗੂਆਂ ਦਾ ਮਨੋਬਲ ਉੱਚਾ ਹੋਵੇਗਾ ਅਤੇ ਅਸੀਂ ਸੱਚ, ਨਿਆਂ ਅਤੇ ਲੋਕਤੰਤਰ ਲਈ ਡਟੇ ਰਹਾਂਗੇ।