July 5, 2024 2:39 am
Dr. Subhash Sharma

ਦਿੱਲੀ ਸੀਐਮ ਹਾਊਸ ‘ਚ ਸਵਾਤੀ ਮਾਲੀਵਾਲ ਨਾਲ ਹੋਈ ਘਟਨਾ ‘ਤੇ ਕੇਜਰੀਵਾਲ ਤੇ ਮਾਨ ਜਵਾਬ ਦੇਣ: ਡਾ ਸੁਭਾਸ਼ ਸ਼ਰਮਾ

ਮੋਹਾਲੀ/ਖਰੜ 15 ਮਈ 2024: ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ (Dr. Subhash Sharma) ਨੇ ਅੱਜ ਮੁਹਾਲੀ ਅਤੇ ਖਰੜ ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਖਰੜ ਵਿਖੇ ਵਕੀਲਾਂ ਵੱਲੋਂ ਕੀਤੀ ਗਈ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਹੋਵੇ ਜਾਂ ਦਿੱਲੀ, ਆਮ ਆਦਮੀ ਪਾਰਟੀ ਦੇ ਆਗੂ ਨਾ ਤਾਂ ਬੀਬੀਆਂ ਦਾ ਸਤਿਕਾਰ ਕਰਨਾ ਜਾਣਦੇ ਹਨ ਅਤੇ ਨਾ ਹੀ ਉਹਨਾਂ ਨੂੰ ਕੀਤੇ ਵਾਅਦੇ ਨਿਭਾਉਣਾ ਜਾਣਦੇ ਹਨ।

ਇਸ ਦਾ ਇੱਕ ਉਦਾਹਰਣ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਹਾਊਸ ਵਿੱਚ ਹੀ ਦੁਰਵਿਵਹਾਰ ਹੈ ਅਤੇ ਦੂਜਾ ਪੰਜਾਬ ਦੀਆਂ ਬੀਬੀਆਂ ਨੂੰ ਅਜੇ ਤੱਕ 1000 ਰੁਪਏ ਪ੍ਰਤੀ ਮਹੀਨਾ ਨਹੀਂ ਮਿਲਣਾ ਹੈ, ਜਿਸ ਬਾਰੇ ਆਮ ਆਦਮੀ ਪਾਰਟੀ ਨੇ 2022 ਦੀ ਵਿਧਾਨ ਸਭਾ ਵਿੱਚ ਵਾਅਦਾ ਕੀਤਾ ਸੀ । ਅੱਜ ਤੱਕ ਪੰਜਾਬ ਦੀ ਇੱਕ ਵੀ ਬੀਬੀ ਨੂੰ ਇਹ ਰਕਮ ਨਹੀਂ ਮਿਲੀ।

ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸਵਾਤੀ ਮਾਲੀਵਾਲ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਗਈ ਸੀ ਅਤੇ ਉੱਥੇ ਮੁੱਖ ਮੰਤਰੀ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਨੇ ਡਰਾਇੰਗ ਰੂਮ ‘ਚ ਉਨ੍ਹਾਂ ਨਾਲ ਕੁੱਟਮਾਰ ਕੀਤੀ । ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਅਤੇ ਇਹ ਜਨਤਾ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਜੇਕਰ ਪਾਰਟੀ ਦੇ ਮੁੱਖ ਮੰਤਰੀ ਦੇ ਘਰ ਉਨ੍ਹਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰ ਸੁਰੱਖਿਅਤ ਨਹੀਂ ਹਨ ਤਾਂ ਦਿੱਲੀ ਅਤੇ ਪੰਜਾਬ ਦੀਆਂ ਬੀਬੀਆਂ ਨੂੰ ਆਪਣੇ ਆਪ ਨੂੰ ਆਪ ਦੇ ਰਾਜ ਵਿੱਚ ਕਿਦਾਂ ਸੁਰੱਖਿਅਤ ਸਮਝਣ ।

ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਨੇ ਚੋਣ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀਆਂ ਬੀਬੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾਣਗੇ ਪਰ ਅੱਜ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਅਸਲ ‘ਚ ਪੰਜਾਬ ਦੀ ਆਰਥਿਕਤਾ ਢਹਿ ਢੇਰੀ ਹੋ ਚੁਕੀ ਹੈ ਅਤੇ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਲਈ ਮਾਨ ਸਰਕਾਰ ਕੋਲ ਪੈਸੇ ਨਹੀਂ ਹਨ। ਜੇਕਰ ਸਾਰੀਆਂ 1.3 ਕਰੋੜ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਤਾਂ ਇਸ ਲਈ 15,600 ਕਰੋੜ ਰੁਪਏ ਸਾਲਾਨਾ ਦੀ ਲੋੜ ਹੋਵੇਗੀ, ਜਦਕਿ ਅਸਲੀਅਤ ਇਹ ਹੈ ਕਿ ਸਰਕਾਰੀ ਖਜ਼ਾਨਾ ਖਾਲੀ ਹੈ ਅਤੇ ਕਰਜ਼ੇ ਦੀ ਮਾਰ ਹੇਠ ਆਈ ‘ਆਪ’ ਸਰਕਾਰ ਖਰਚੇ ਪੂਰੇ ਕਰਨ ਲਈ ਕਰਜ਼ਾ ਲੈ ਰਹੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਆਪਣੇ ਚੋਣ ਵਾਅਦੇ ਪੂਰੇ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਡਾ. ਸੁਭਾਸ਼ ਸ਼ਰਮਾ (Dr. Subhash Sharma) ਨੇ ਖਰੜ ਕੋਰਟ ਕੰਪਲੈਕਸ ਵਿੱਚ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਮੀਟਿੰਗ ਦੌਰਾਨ ਵਕੀਲਾਂ ਨੇ ਉਨ੍ਹਾਂ ਅੱਗੇ ਆਪਣੀਆਂ ਮੰਗਾਂ ਰੱਖੀਆਂ। ਇਨ੍ਹਾਂ ਮੰਗਾਂ ਵਿੱਚ ਬਾਰ ਐਸੋਸੀਏਸ਼ਨ ਨੂੰ ਮਜ਼ਬੂਤ ਕਰਨਾ, ਅਦਾਲਤ ਵਿੱਚ ਬਾਰ ਰੂਮ ਅਤੇ ਚੈਂਬਰ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਇਨ੍ਹਾਂ ਮੰਗਾਂ ਨੂੰ ਸੁਣਨ ਤੋਂ ਬਾਅਦ ਡਾ: ਸੁਭਾਸ਼ ਸ਼ਰਮਾ ਨੇ ਭਰੋਸਾ ਦਿੱਤਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਕੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਪੂਰਾ ਕਰਨਗੇ |

ਚੋਣ ਪ੍ਰਚਾਰ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਬੰਗਲੁਰੂ ਵਾਂਗ ਮੋਹਾਲੀ ਨੂੰ ਵੀ ਆਈ.ਟੀ ਹੱਬ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਅਤੇ ਚੋਣਾਂ ਤੋਂ ਬਾਅਦ ਉਹ ਮੋਦੀ ਸਰਕਾਰ ਦੇ ਆਈ.ਟੀ ਮੰਤਰੀ ਨਾਲ ਗੱਲ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਰੇਲ ਕੋਚ ਫੈਕਟਰੀ ਲਾਉਣ ਬਾਰੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵੀ ਗੱਲਬਾਤ ਹੋਈ ਹੈ।

ਰੇਲ ਮੰਤਰੀ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਮੰਤਰਾਲੇ ਓਹਨਾ ਦੀ ਬੇਨਤੀ ਤੇ ਜਰੂਰ ਵਿੱਚਾਰ ਕਰੇਗਾ। ਡਾ: ਸ਼ਰਮਾ ਨੇ ਕਿਹਾ ਕਿ ਜੇਕਰ ਇਹ ਦੋਵੇਂ ਗੱਲਾਂ ਪੂਰੀਆਂ ਕਰ ਲਈਆਂ ਗਈਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੋਹਾਲੀ ਪੂਰੇ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲਾ ਸਭ ਤੋਂ ਵੱਡਾ ਹਲਕਾ ਬਣ ਜਾਵੇਗਾ। ਇਹ ਉਨ੍ਹਾਂ ਦਾ ਵਾਅਦਾ ਹੈ ਕਿ ਉਹ ਮੋਹਾਲੀ ਨੂੰ ਆਈਟੀ ਹੱਬ ਬਣਾਉਣ ਲਈ ਲੋੜੀਂਦਾ ਈਕੋ ਸਿਸਟਮ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨਗੇ।