ਐਸ.ਏ.ਐਸ.ਨਗਰ, 5 ਅਕਤੂਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਦਿਆਰਥੀਆਂ (students) ਨੂੰ ਰਾਸ਼ਟਰ ਦਾ ਵਡਮੁੱਲਾ ਸਰਮਾਇਆ ਦੱਸਦਿਆਂ ਕਿਹਾ ਕਿ ਇਨ੍ਹਾਂ ਵਿੱਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ ਤਾਂ ਜੋ ਉਨ੍ਹਾਂ ਨੂੰ ਅੱਗੇ ਵਧਣ ਲਈ ਹਰ ਸੰਭਵ ਪ੍ਰਦਾਨ ਕਰਕੇ ਰਸ਼ਟਰ ਲਈ ਹੋਰ ਲਾਭਕਾਰੀ ਬਣਾਇਆ ਜਾ ਸਕੇ।
ਜੈਨ ਜੋ ਬਾਲ ਭਵਨ ਮੋਹਾਲੀ ਵਿਖੇ ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਆਏ ਸਨ, ਨੇ ਅੱਗੇ ਕਿਹਾ ਕਿ ਉਹ ਇਨ੍ਹਾਂ ਵਿਦਿਆਰਥੀਆਂ ਵੱਲੋਂ ਬੁਰਸ਼ ਨਾਲ ਕੈਨਵਸ ‘ਤੇ ਵਾਹੇ ਗਏ ਆਪਣੇ ਅੰਦਰੂਨੀ ਵਿਚਾਰਾਂ ਅਤੇ ਕਾਲਪਨਿਕ ਭਾਵਨਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਨੇ ਵਿਦਿਆਰਥੀਆਂ (students) ਨੂੰ ਜੀਵਨ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਆਪਣੇ ਟੀਚਿਆਂ ਨੂੰ ਉੱਚਾ ਰੱਖਣ ਲਈ ਕਿਹਾ। ਉਨ੍ਹਾਂ ਆਲੇ-ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਕੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕਤਾ ਪੈਦਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਕਦਮ ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਲਈ ਸਹਾਈ ਹੋਵੇਗਾ।
ਇਸ ਤੋਂ ਪਹਿਲਾਂ ਬਾਲ ਭਲਾਈ ਕੌਂਸਲ ਪੰਜਾਬ ਦੀ ਚੇਅਰਪਰਸਨ ਪ੍ਰਾਜਕਤਾ ਅਵਧ ਨੇ ਮੁੱਖ ਮਹਿਮਾਨ ਆਸ਼ਿਕਾ ਜੈਨ ਦਾ ਸਵਾਗਤ ਕੀਤਾ। ਡਾ. (ਸ਼੍ਰੀਮਤੀ) ਪ੍ਰੀਤਮ ਸੰਧੂ, ਸਕੱਤਰ, ਬਾਲ ਭਲਾਈ ਕੌਂਸਲ ਪੰਜਾਬ ਨੇ ਰਾਜ ਵਿੱਚ ਕੌਂਸਲ ਵੱਲੋਂ ਬੱਚਿਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ੍ਰੀਮਤੀ ਰਤਿੰਦਰ ਬਰਾੜ, ਖਜ਼ਾਨਚੀ, ਬਾਲ ਭਲਾਈ ਕੌਂਸਲ ਵੀ ਮੌਜੂਦ ਸਨ।
ਮੁਕਾਬਲਿਆਂ ਵਿੱਚ ਮੁਹਾਲੀ ਦੇ ਵੱਖ-ਵੱਖ ਸਕੂਲਾਂ ਦੇ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੇ ਉਮਰ ਸਮੂਹ ਦੇ ਅਨੁਸਾਰ ਚਾਰ ਗਰੁੱਪ ਸਨ ਜਿਵੇਂ ਕਿ ਗ੍ਰੀਨ ਗਰੁੱਪ (ਉਮਰ 5-9 ਸਾਲ), ਸਫ਼ੇਦ ਗਰੁੱਪ (ਉਮਰ 10-16 ਸਾਲ) ਅਤੇ ਦੋ ਵਿਸ਼ੇਸ਼ ਗਰੁੱਪ ਪੀਲਾ ਗਰੁੱਪ (ਉਮਰ 5-10 ਸਾਲ) ਅਤੇ ਲਾਲ ਗਰੁੱਪ (ਉਮਰ 11 ਸਾਲ-18 ਸਾਲ) ਵੱਖਰੇ ਤੌਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਜਿਵੇਂ ਕਿ ਦ੍ਰਿਸ਼ਟੀਹੀਣ, ਬੋਲਣ/ਸੁਣਨ ਦੀ ਕਮਜ਼ੋਰੀ ਅਤੇ ਮਲਟੀਪਲ ਡਿਸਏਬਿਲਟੀ/ਸੇਰੇਬ੍ਰਲ ਪਾਲਸੀ/ਮਾਨਸਿਕ ਤੌਰ ‘ਤੇ ਚੁਣੌਤੀ ਵਾਲੇ ਬੱਚਿਆਂ l
ਡੀ.ਸੀ ਆਸ਼ਿਕਾ ਜੈਨ ਨੇ ਬਾਲ ਭਵਨ ਮੁਹਾਲੀ ਦੀਆਂ ਗਤੀਵਿਧੀਆਂ ਦੇ ਵਿਸਥਾਰ ਲਈ ਕੌਂਸਲ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ।
ਹਰੇਕ ਗਰੁੱਪ ਅਤੇ ਸਬ-ਗਰੁੱਪ ਦੇ ਪਹਿਲੇ ਤਿੰਨ ਜੇਤੂ ਜਲਦੀ ਹੀ ਬਰਨਾਲਾ ਵਿਖੇ ਹੋਣ ਵਾਲੇ ਡਵੀਜ਼ਨ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣਗੇ।