ਚੰਡੀਗੜ੍ਹ, 02 ਅਗਸਤ 2024: ਉੱਤਰਾਖੰਡ ‘ਚ ਕੇਦਾਰਨਾਥ ਧਾਮ (Kedarnath Dham) ਯਾਤਰਾ ਦੇ ਪੈਦਲ ਮਾਰਗ ‘ਤੇ ਬੱਦਲ ਫਟਣ ਨਾਲ ਕਈਂ ਯਾਤਰੀ ਵੱਖ-ਵੱਖ ਥਾਵਾਂ ‘ਤੇ ਫਸ ਗਏ | ਇਨ੍ਹਾਂ ਫਸੇ ਯਾਤਰੀਆਂ ਨੂੰ ਹੈਲੀਕਾਪਟਰਾਂ ਅਤੇ ਬਚਾਅ ਟੀਮਾਂ SDRF, NDRF, ਜ਼ਿਲ੍ਹਾ ਆਫ਼ਤ ਪ੍ਰਬੰਧਨ, ਜ਼ਿਲ੍ਹਾ ਪੁਲਿਸ ਦੀ ਮੱਦਦ ਨਾਲ ਬਚਾਇਆ ਜਾ ਰਿਹਾ ਹੈ। ਯਾਤਰੀਆਂ ਨੂੰ ਫੌਜ ਦੇ ਐਮਆਈ 17 ਹੈਲੀਕਾਪਟਰ ਰਾਹੀਂ ਬਚਾ ਕੇ ਗੌਚਰ ਲਿਆਂਦਾ ਗਿਆ।
ਜਾਣਕਾਰੀ ਮੁਤਾਬਕ ਕੇਦਾਰਨਾਥ ਧਾਮ (Kedarnath Dham) ‘ਚ ਫਸੇ ਕਰੀਬ 4000 ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਬੁੱਧਵਾਰ ਰਾਤ ਨੂੰ ਬੱਦਲ ਫਟਣ ਤੋਂ ਬਾਅਦ ਆਈ ਤਬਾਹੀ ਦਾ ਭਿਆਨਕ ਦ੍ਰਿਸ਼ ਦੇਖ ਕੇ ਲੋਕ ਦਹਿਸ਼ਤ ਵਿਚ ਹਨ। ਮੰਦਾਕਿਨੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਰਾਮਬਾਡਾ ਵਿਖੇ ਪੈਦਲ ਮਾਰਗ ‘ਤੇ ਦੋ ਪੁਲ ਪਾਣੀ ‘ਚ ਰੁੜ੍ਹ ਗਏ ਹਨ |
ਦੂਜੇ ਪਾਸੇ ਰੁਦਰਪ੍ਰਯਾਗ ਪੁਲਿਸ ਕੰਟਰੋਲ ਰੂਮ ਨੰਬਰ 7579257572 ਅਤੇ ਪੁਲਿਸ ਦਫ਼ਤਰ ‘ਚ ਪ੍ਰਬੰਧਿਤ ਲੈਂਡਲਾਈਨ ਨੰਬਰ 01364-233387 ਨੂੰ ਹੈਲਪਲਾਈਨ ਨੰਬਰ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸਦੇ ਨਾਲ ਹੀ ਐਮਰਜੈਂਸੀ ਨੰਬਰ 112 ‘ਤੇ ਕਾਲ ਕਰਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।