July 2, 2024 6:29 pm
Bikram Singh Majithia

ਕਟਾਰੂਚੱਕ ਵੀਡੀਓ ਮਾਮਲਾ: ਪੰਜਾਬ ਸਰਕਾਰ ਦੀ SIT ਅਤੇ ਪੀੜਤ ਨੂੰ ਡਰਾਉਣ ਵਾਲਿਆਂ ਖ਼ਿਲਾਫ਼ ਜਾਂਚ ਦੇ ਹੁਕਮ ਦੇਣ ਰਾਜਪਾਲ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 13 ਜੂਨ 2023: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੁ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਲਿਤ ਨੌਜਵਾਨ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਐਸ ਆਈ ਟੀ ਅਤੇ ਪੀੜਤ ਨੂੰ ਡਰਾਉਣ ਵਾਲੇ ਉਹਨਾਂ ਸਾਰੇ ਵਿਅਕਤੀਆਂ ਖਿਲਾਫ ਜਾਂਚ ਦੇ ਹੁਕਮ ਦੇਣ ਜਿਹਨਾਂ ਨੇ ਪੀੜਤ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਸੀਕਿ ਉਹ ਚੰਡੀਗੜ੍ਹ ਪੁਲਿਸ ਨੂੰ ਹਦਾਇਤ ਦੇਣ ਕਿ ਉਹ ਮੰਤਰੀ ਕਟਾਰੂਚੱਕ ਦੇ ਖਿਲਾਫ ਕੇਸ ਦਰਜ ਕਰੇ ਤੇ ਹੁਣ ਅਜਿਹਾ ਕਰਨਾ ਹੋਰ ਜ਼ਰੂਰੀ ਹੋ ਗਿਆ ਹੈ ਕਿਉ਼ਕਿ ਪੀੜਤ ਨੂੰ ਮੰਤਰੀ ਖਿਲਾਫ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਦਿੱਤੇ ਬਿਆਨ ਕਿ ਸਾਰੀਆਂ ਐਸ ਆਈ ਟੀਜ਼ ਬੇਸਿੱਟਾ (ਅਰਥ ਵਿਹੂਣੀਆਂ) ਹੁੰਦੀਆਂ ਹਨ, ਸੱਚ ਹੈ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਐਸ ਆਈ ਟੀ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਬਣਾਈ ਗਈ ਸੀ ਤੇ ਇਸੇ ਕਾਰਨ ਪੀੜਤ ਨੇ ਆਪਣੇ ਦੋਸ਼ ਵਾਪਸ ਲਏ ਹਨ।

ਰਾਜਪਾਲ ਨੂੰ ਸਭਿਅਕ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਸਤੇ ਕਾਰਵਾਈ ਕਰਨ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਜਿਣਸੀ ਸੋਸ਼ਣ ਕਰਨ ਵਾਲੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸਭਿਅਕ ਸਮਾਜ ਲਈ ਜ਼ੋਖ਼ਮ ਖੜ੍ਹਾ ਹੋ ਗਿਆ ਹੈ। ਉਹਨਾਂ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਢੁਕਵੇਂ ਕਦਮ ਚੁੱਕਣ ਤਾਂ ਜੋ ਉਸ ਦਲਿਤ ਨੌਜਵਾਨ ਨੂੰ ਇਨਸਾਫ ਮਿਲਣਾ ਯਕੀਨੀ ਬਣਾਇਆ ਜਾ ਸਕੇ ਜਿਸਦਾ ਨੌਕਰੀ ਦੇਣ ਦਾ ਲਾਲਚ ਦੇ ਕੇ ਜਿਣਸੀ ਸੋਸ਼ਣ ਕੀਤਾ ਗਿਆ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ ਮਾਮਲੇ ’ਤੇ ਇਕਜੁੱਟ ਹੋਣ ਅਤੇ ਮੰਤਰੀ ਦਾ ਬਾਈਕਾਟ ਕਰਨ ਤੇ ਉਸ ਖਿਲਾਫ ਰੋਸ ਮੁਜ਼ਾਹਰੇ ਕਰਨ ਦੀ ਅਪੀਲ ਕੀਤੀ।

ਮਜੀਠੀਆ (Bikram Singh Majithia) ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦਾ ਕਟਾਰੂਚੱਕ ਲਈ ਪਿਆਰ ਉਹਨਾਂ ਖਿਲਾਫ ਕਾਰਵਾਈ ਦੇ ਰਾਹ ਵਿਚ ਅੜਿਕਾ ਬਣ ਗਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬੇ ਦੇ ਸੰਵਿਧਾਨਕ ਮੁਖੀ ਵੱਲੋਂ ਵਿਸ਼ੇਸ਼ ਸਲਾਹ ਦੇਣ ਦੇ ਬਾਵਜੂਦ ਉਹਨਾਂ ਮੰਤਰੀ ਕਟਾਰੂਚੱਕ ਨੂੰ ਬਰਖ਼ਾਸਤ ਨਹੀਂ ਕੀਤਾ।

ਇਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਗਾਤਾਰ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਨ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਡੀਜ਼ਨ ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਵਿਚ 4.25 ਰੁਪਏ ਪ੍ਰਤੀ ਲੀਟਰ, ਚੰਡੀਗੜ੍ਹ ਦੇ ਮੁਕਾਬਲੇ 5.25 ਰੁਪਏ ਤੇ ਹਰਿਆਣਾ ਦੇ ਮੁਕਾਬਲੇ 6 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਉਹਨਾਂ ਕਿਹਾ ਕਿ ਇਸ ਵਾਧੇ ਨਾਲ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵੇ ਲੀਰੋ ਲੀਰ ਹੋ ਗਏ ਹਨ ਜੋ ਆਖਦੀ ਸੀ ਕਿ ਉਹ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ ਤੇ ਹੁਣ ਉਸਨੇ ਵੈਟ ਵਧਾ ਕੇ ਆਮ ਲੋਕਾਂ ਸਿਰ 2000 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੀਆਂ ਸਮਾਜ ਭਲਾਈ ਸਕੀਮਾਂ ਜੋ ਲੋਕਾਂ ਤੋਂ ਵਾਪਸ ਲਈਆਂ ਗਈਆਂ ਜਿਹਨਾਂ ਵਿਚ ਸ਼ਗਨ ਸਕੀਮ, ਮੈਡੀਕਲ ਬੀਮਾ, ਐਸ ਸੀ ਸਕਾਲਰਸ਼ਿਪ, ਲੜਕੀਆਂ ਲਈ ਮੁਫਤ ਸਾਈਕਲ ਤੇ ਹੋਰ ਸਕੀਮਾਂ ਸ਼ਾਮਲ ਹਨ, ਦਾ ਹਿਸਾਬ ਲਾਇਆ ਜਾਵੇ ਤਾਂ ਲੋਕਾਂ ਸਿਰ ਪਿਆ ਭਾਰ ਬਹੁਤ ਜ਼ਿਆਦਾ ਬਣਦਾ ਹੈ।

ਉਹਨਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਝੂਠ ਨਾਲ ਲੋਕਾਂ ਸਿਰ ਪਏ ਬੋਝ ਦਾ ਜਵਾਬ ਦੇਣਾ ਬੰਦ ਕਰਨ ਅਤੇ ਉਹਨਾਂ ਮੰਗ ਕੀਤੀ ਕਿ ਵੈਟ ਵਿਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ।ਸਰਦਾਰ ਮਜੀਠੀਆ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਭੰਗ ਹੋਣ ਦੀ ਵੀ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਲੁਧਿਆਣਾ ਵਿਚ 8 ਕਰੋੜ ਰੁਪਏ ਦਾ ਡਾਕਾ, ਮੋਗਾ ਵਿਚ ਸੁਨਿਆਰੇ ਦਾ ਕਤਲ ਅਤੇ ਅੰਮ੍ਰਿਤਸਰ ਵਿਚ ਡਾਕੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ।