ਕਰਨਾਟਕ , 29 ਅਗਸਤ 2025: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ‘ਚ ਤਮਗਾ ਜੇਤੂਆਂ ਲਈ ਇਨਾਮੀ ਰਾਸ਼ੀ ‘ਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐਥਲੀਟਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਹੋਰ ਉਚਾਈਆਂ ਪ੍ਰਾਪਤ ਕਰਨ ‘ਚ ਮੱਦਦ ਕਰਨ ਲਈ ਵਚਨਬੱਧ ਹੈ।
ਉੱਤਰਾਖੰਡ ‘ਚ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ‘ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦਿੰਦੇ ਹੋਏ, ਸਿੱਧਰਮਈਆ ਨੇ ਕਿਹਾ, ‘ਅਸੀਂ ਸੋਨ ਤਮਗਾ ਜੇਤੂਆਂ ਨੂੰ 7 ਲੱਖ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 5 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂਆਂ ਨੂੰ 3 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਖੇਡਾਂ ‘ਚ ਕਰਨਾਟਕ 34 ਸੋਨ, 18 ਚਾਂਦੀ ਅਤੇ 28 ਕਾਂਸੀ ਤਮਗਿਆਂ ਨਾਲ ਤਮਗਾ ਸੂਚੀ ‘ਚ ਪੰਜਵੇਂ ਸਥਾਨ ‘ਤੇ ਰਿਹਾ। ਮੁੱਖ ਮੰਤਰੀ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਮੈਨੂੰ ਉਮੀਦ ਹੈ ਕਿ ਅਗਲੀਆਂ ਖੇਡਾਂ ‘ਚ ਕਰਨਾਟਕ ਪਹਿਲਾ ਸਥਾਨ ਪ੍ਰਾਪਤ ਕਰੇਗਾ।’
ਇਸ ਦੌਰਾਨ ਸਿੱਧਰਮਈਆ ਨੇ ਯਾਦ ਦਿਵਾਇਆ ਕਿ 2015 ‘ਚ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ, ਸੋਨ, ਚਾਂਦੀ ਅਤੇ ਕਾਂਸੀ ਤਗਮਾ ਜੇਤੂਆਂ ਲਈ ਕ੍ਰਮਵਾਰ 5 ਲੱਖ ਰੁਪਏ, 3 ਲੱਖ ਰੁਪਏ ਅਤੇ 2 ਲੱਖ ਰੁਪਏ ਦੇ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਰਨਾਟਕ ਓਲੰਪਿਕ ਐਸੋਸੀਏਸ਼ਨ ਨੇ ਰਕਮ ਵਧਾਉਣ ਦੀ ਬੇਨਤੀ ਕੀਤੀ ਸੀ।
ਅਸੀਂ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਰਕਮ ‘ਚ ਸੋਧ ਕੀਤੀ ਹੈ।’ ਸਿੱਧਰਮਈਆ ਨੇ ਇਹ ਵੀ ਕਿਹਾ ਕਿ ਐਥਲੀਟਾਂ ਨੂੰ ਤਮਗੇ ਜਿੱਤਣ ‘ਚ ਮੱਦਦ ਕਰਨ ਵਾਲੇ ਪ੍ਰਬੰਧਕਾਂ ਅਤੇ ਕੋਚਾਂ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ, ’ਸਰਕਾਰ ਸੂਬੇ ‘ਚ ਖੇਡਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ।
Read More: ਬੰਗਲੌਰ ਭਗਦੜ ਘਟਨਾ ਲਈ ਸਰਕਾਰ ਨਹੀਂ, ਹਾਲਾਤ ਜ਼ਿੰਮੇਵਾਰ: CM ਸਿੱਧਰਮਈਆ