ਚੰਡੀਗੜ੍ਹ, 13 ਮਈ 2023: ਕਰਨਾਟਕ ‘ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਹੁਣ ਤੱਕ ਦੀ ਗਿਣਤੀ ‘ਚ ਪਾਰਟੀ 133 ਤੋਂ ਵੱਧ ਸੀਟਾਂ ਜਿੱਤ ਰਹੀ ਹੈ ਜਦੋਂਕਿ 224 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 113 ਸੀਟਾਂ ਚਾਹੀਦੀਆਂ ਹਨ। ਭਾਜਪਾ 65 ਸੀਟਾਂ ‘ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਸ ਜਿੱਤ ਨਾਲ ਕਾਂਗਰਸ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ। ਭਾਜਪਾ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਕਾਂਗਰਸ ਨੇ ਹੈਦਰਾਬਾਦ ਵਿੱਚ ਵਿਧਾਇਕਾਂ ਨੂੰ ਰੱਖਣ ਲਈ 5 ਸਟਾਰ ਰਿਜ਼ੋਰਟ ਵਿੱਚ 50 ਕਮਰੇ ਬੁੱਕ ਕਰਵਾਏ ਹਨ।
ਇਸਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ (Siddaramaia) ਨੇ ਸ਼ਨੀਵਾਰ ਨੂੰ ਵਰੁਣਾ ਚੋਣ ਖੇਤਰ ‘ਚ ਆਪਣੇ ਵਿਰੋਧੀ ਨੂੰ 46,006 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਉਹ 9ਵੀਂ ਵਾਰ ਵਿਧਾਇਕ ਚੁਣੇ ਗਏ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ, ਸਿੱਧਰਮਈਆ (75) ਨੂੰ 1,19,430 ਵੋਟ ਜਦੋਂ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਭਾਜਪਾ ਉਮੀਦਵਾਰ ਅਤੇ ਪ੍ਰਭਾਵਸ਼ਾਲੀ ਲਿੰਗਾਯਤ ਨੇਤਾ ਵੀ. ਸੋਮੰਨਾ ਨੂੰ 73,424 ਵੋਟ ਮਿਲੇ।
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਤੇ ਰੁਝਾਨਾਂ ‘ਚ ਕਾਂਗਰਸ ਸਰਕਾਰ ਦੇ ਗਠਨ ਦਾ ਫੈਸਲਾ ਹੋ ਗਿਆ ਹੈ। ਸ਼ਨੀਵਾਰ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਪਾਰਟੀ ਨੂੰ ਸੂਬੇ ਵਿਚ ਬਹੁਮਤ ਮਿਲੇਗਾ।ਕਰੀਬ ਇੱਕ ਵਜੇ ਭਾਜਪਾ ਨੇ ਹਾਰ ਸਵੀਕਾਰ ਕਰ ਲਈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਗੇ ਆ ਕੇ ਕਿਹਾ ਕਿ ਨਤੀਜਿਆਂ ਦਾ ਵਿਸ਼ਲੇਸ਼ਣ ਕਰਾਂਗੇ, ਪਾਰਟੀ ਲੋਕ ਸਭਾ ਚੋਣਾਂ ‘ਚ ਜ਼ਬਰਦਸਤ ਵਾਪਸੀ ਕਰੇਗੀ।
ਇਸ ਚੋਣ ‘ਚ ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗਾ ਹੋਇਆ ਸੀ। ਕਾਂਗਰਸ ਦੇ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ, ਭਾਜਪਾ ਦੇ ਬਸਵਰਾਜ ਬੋਮਈ ਮੁੱਖ ਚਿਹਰੇ ਸਨ। ਇਹ ਤਿੰਨੋਂ ਚੋਣਾਂ ਜਿੱਤੀਆਂ ਗਈਆਂ। ਕਾਂਗਰਸ ਪ੍ਰਧਾਨ ਵਜੋਂ ਮਲਿਕਾਅਰਜੁਨ ਖੜਗੇ ਲਈ ਵੀ ਇਹ ਬਹੁਤ ਮਹੱਤਵਪੂਰਨ ਚੋਣ ਸੀ। ਇੱਕ ਤਰਫਾ ਜਿੱਤ ਪਾਰਟੀ ਵਿੱਚ ਉਸਦਾ ਕੱਦ ਹੋਰ ਵਧਾਵੇਗੀ।