ਚੰਡੀਗੜ੍ਹ, 10 ਮਈ 2023: ਕਰਨਾਟਕ (Karnataka) ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇੱਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਸਵੇਰੇ 11 ਵਜੇ ਤੱਕ 20.99 ਫੀਸਦੀ ਵੋਟਾਂ ਪੈ ਚੁੱਕੀਆਂ ਹਨ।
ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ। ਅਭਿਨੇਤਾ ਪ੍ਰਕਾਸ਼ ਰਾਜ ਸ਼ਾਂਤੀਨਗਰ ਦੇ ਸੇਂਟ ਜੋਸੇਫ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਈ । ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰ ਵਿੱਚ ਹੁਚਰਾਯਾ ਸਵਾਮੀ ਮੰਦਰ ਅਤੇ ਰਾਘਵੇਂਦਰ ਸਵਾਮੀ ਮੱਠ ਦਾ ਦੌਰਾ ਕੀਤਾ। ਮੌਜੂਦਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹੁਬਲੀ ਦੇ ਹਨੂੰਮਾਨ ਮੰਦਰ ਅਤੇ ਕਾਵੇਰੀ ਦੇ ਗਾਇਤਰੀ ਮੰਦਰ ਵਿੱਚ ਪੂਜਾ ਕੀਤੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ ਦੇ ਵਿਜੇਨਗਰ ਵਿੱਚ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਬਜਰੰਗਬਲੀ ਦੀ ਪੂਜਾ ਕਰਦੇ ਹਾਂ, ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਾਂ ਪਰ ਕਾਂਗਰਸ ਚੋਣਾਂ ਦੌਰਾਨ ਹਨੂੰਮਾਨ ਦੇ ਭਗਤ ਬਣ ਜਾਂਦੀ ਹੈ। ਕਰਨਾਟਕ (Karnataka) ਹਨੂੰਮਾਨ ਜੀ ਦਾ ਜਨਮ ਸਥਾਨ ਹੈ। ਇੱਥੇ ਆ ਕੇ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ‘ਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੀ ਹੈ। ਮੂਰਖਤਾ ਦੀ ਮਿਸਾਲ ਇਸ ਤੋਂ ਵੱਧ ਨਹੀਂ ਹੋ ਸਕਦੀ।