ਚੰਡੀਗੜ੍ਹ, 02 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੋਂ ਬਾਅਦ ਹੁਣ ਕਾਂਗਰਸ (Congress) ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ 10 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਜਾਰੀ ਕੀਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਦੇ ਸੰਕਲਪਾਂ ਨੂੰ ਜਨਤਾ ਦੇ ਸਾਹਮਣੇ ਰੱਖਿਆ। ਕਾਂਗਰਸ ਦੀ ਤਰਫੋਂ ਪਾਰਟੀ ਪ੍ਰਧਾਨ ਨੇ ਮਤਾ ਪੱਤਰ ਜਾਰੀ ਕਰਕੇ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਜਥੇਬੰਦੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ, ਪਾਰਟੀ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਅਤੇ ਕਈ ਸੀਨੀਅਰ ਨੇਤਾ ਮੌਜੂਦ ਸਨ।
ਆਪਣੇ ਚੋਣ ਮਨੋਰਥ ਪੱਤਰ ਵਿੱਚ, ਕਾਂਗਰਸ ਨੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੀ ਤੁਲਨਾ ਸੰਘ ਨਾਲ ਸਬੰਧਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੂਥ ਵਿੰਗ ਬਜਰੰਗ ਦਲ ਨਾਲ ਕਰਦਿਆਂ ਕਿਹਾ ਕਿ ਉਹ ਦੁਸ਼ਮਣੀ ਜਾਂ ਨਫ਼ਰਤ ਨੂੰ ਵਧਾਵਾ ਦੇਣ ਵਾਲੀਆਂ ਸੰਸਥਾਵਾਂ ‘ਤੇ ਪਾਬੰਦੀ ਲਾਵੇਗੀ ।
ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਸੂਬੇ ‘ਚ ਸੱਤਾ ‘ਚ ਆਉਂਦੀ ਹੈ ਤਾਂ ਨਫਰਤੀ ਸੰਗਠਨਾਂ ‘ਤੇ ਪਾਬੰਦੀ ਲਗਾਉਣ ਸਮੇਤ ਕਾਨੂੰਨ ਅਨੁਸਾਰ ਫੈਸਲਾਕੁੰਨ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਜਾਤ ਜਾਂ ਧਰਮ ਦੇ ਆਧਾਰ ‘ਤੇ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਸਖ਼ਤ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਵਚਨਬੱਧ ਹੈ। ਸਾਡਾ ਮੰਨਣਾ ਹੈ ਕਿ ਕਾਨੂੰਨ ਅਤੇ ਸੰਵਿਧਾਨ ਪਵਿੱਤਰ ਹਨ। ਬਜਰੰਗ ਦਲ ਅਤੇ ਪੀਐਫਆਈ ਵਰਗੀਆਂ ਸੰਸਥਾਵਾਂ ਦੁਆਰਾ ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।
ਔਰਤਾਂ ਲਈ ਬੱਸ ਯਾਤਰਾ ਮੁਫ਼ਤ
ਕਾਂਗਰਸ (Congress) ਨੇ ਚੋਣ ਮਨੋਰਥ ਪੱਤਰ ਵਿੱਚ ਕਈ ਯੋਜਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਗ੍ਰਹਿ ਜੋਤੀ ਯੋਜਨਾ ਤਹਿਤ ਸਾਰਿਆਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਅੰਨਾ ਭਾਗਿਆ ਯੋਜਨਾ ਬਾਰੇ ਵੀ ਗੱਲ ਕੀਤੀ। ਇਸ ਸਕੀਮ ਤਹਿਤ ਬੀਪੀਐਲ ਪਰਿਵਾਰ ਦੇ ਹਰੇਕ ਵਿਅਕਤੀ ਨੂੰ ਉਸ ਦੀ ਪਸੰਦ ਦਾ 10 ਕਿਲੋ ਅਨਾਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੁਰੂ ਲਕਸ਼ਮੀ ਯੋਜਨਾ ਸਬੰਧੀ ਕਿਹਾ ਗਿਆ ਕਿ ਪਰਿਵਾਰ ਦੀ ਹਰ ਮਹਿਲਾ ਮੁਖੀ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ।
ਇੰਨਾ ਹੀ ਨਹੀਂ ਔਰਤਾਂ ਲਈ ਬੱਸ ਸਫਰ ਮੁਫਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਸ਼ਕਤੀ ਯੋਜਨਾ ਦੇ ਤਹਿਤ ਸਾਰੀਆਂ ਔਰਤਾਂ ਲਈ ਨਿਯਮਤ KSRTC/BMTC ਬੱਸਾਂ ਵਿੱਚ ਯਾਤਰਾ ਮੁਫ਼ਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਯੁਵਾ ਨਿਧੀ ਯੋਜਨਾ ਤਹਿਤ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ 2 ਸਾਲ ਲਈ 3000 ਰੁਪਏ ਪ੍ਰਤੀ ਮਹੀਨਾ ਅਤੇ ਬੇਰੁਜ਼ਗਾਰ ਡਿਪਲੋਮਾ ਹੋਲਡਰਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ।