ਚੰਡੀਗੜ੍ਹ , 15 ਜਨਵਰੀ 2024: ਕਰਨਾਟਕ ਦੇ ਬੱਲੇਬਾਜ਼ ਪ੍ਰਖਰ ਚਤੁਰਵੇਦੀ (Prakhar Chaturvedi) ਨੇ ਬੀਸੀਸੀਆਈ ਦੇ ਘਰੇਲੂ ਟੂਰਨਾਮੈਂਟ ਕੂਚ ਬਿਹਾਰ ਟਰਾਫੀ ਵਿੱਚ ਇਤਿਹਾਸ ਰਚ ਦਿੱਤਾ ਹੈ। ਪ੍ਰਖਰ ਨੇ ਇਸ ਅੰਡਰ-19 ਮੁਕਾਬਲੇ ਦੇ ਫਾਈਨਲ ਵਿੱਚ ਮੁੰਬਈ ਖ਼ਿਲਾਫ਼ 404 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਟੈਸਟ ਕ੍ਰਿਕਟ ਦੀ ਇਕ ਪਾਰੀ ਵਿਚ 400 ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਪ੍ਰਖਰ ਦੀ ਬੱਲੇਬਾਜ਼ੀ ਦੇਖ ਕੇ ਸਾਰਿਆਂ ਨੂੰ ਬ੍ਰਾਇਨ ਲਾਰਾ ਯਾਦ ਆ ਗਈ ।
ਪ੍ਰਖਰ (Prakhar Chaturvedi) ਨੇ ਕਰਨਾਟਕ ਲਈ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਪਾਰੀ ਦੇ ਘੋਸ਼ਿਤ ਕਰਨ ਤੱਕ ਨਾਬਾਦ ਰਹੇ। ਪ੍ਰਖਰ ਨੇ 638 ਗੇਂਦਾਂ ਦਾ ਸਾਹਮਣਾ ਕਰਦਿਆਂ 46 ਚੌਕੇ ਤੇ ਤਿੰਨ ਛੱਕੇ ਲਾਏ। ਉਹ ਕੂਚ ਬਿਹਾਰ ਟਰਾਫੀ ਦੇ ਫਾਈਨਲ ਵਿੱਚ ਇੱਕ ਪਾਰੀ ਵਿੱਚ 400 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਹੈ। ਪ੍ਰਖਰ ਦੀ ਪਾਰੀ ਦੇ ਦਮ ‘ਤੇ ਕਰਨਾਟਕ ਨੇ ਆਪਣੀ ਪਹਿਲੀ ਪਾਰੀ 890 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ। ਇਸ ਦੇ ਬੱਲੇਬਾਜ਼ਾਂ ਨੇ 223 ਓਵਰਾਂ ਦਾ ਸਾਹਮਣਾ ਕੀਤਾ ਅਤੇ ਟੀਮ ਨੇ ਅੱਠ ਵਿਕਟਾਂ ਗੁਆ ਦਿੱਤੀਆਂ। ਪ੍ਰਖਰ ਦੇ 400 ਦੌੜਾਂ ਪੂਰੀਆਂ ਕਰਦੇ ਹੀ ਟੀਮ ਨੇ ਪਾਰੀ ਘੋਸ਼ਿਤ ਕਰਨ ਦਾ ਫੈਸਲਾ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਇਸੇ ਮੈਚ ‘ਚ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਦ੍ਰਾਵਿੜ ਨੇ ਵੀ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ 46 ਗੇਂਦਾਂ ‘ਚ 22 ਦੌੜਾਂ ਬਣਾਈਆਂ। ਪਾਰੀ ਦਾ ਦੂਜਾ ਸੈਂਕੜਾ ਹਰਸ਼ੀਲ ਧਰਮਾਨੀ ਸੀ। ਉਸ ਨੇ 228 ਗੇਂਦਾਂ ਵਿੱਚ 19 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 169 ਦੌੜਾਂ ਬਣਾਈਆਂ। ਪ੍ਰਖਰ ਨੇ ਉਸ ਨਾਲ ਦੂਜੀ ਵਿਕਟ ਲਈ 290 ਦੌੜਾਂ ਜੋੜੀਆਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪਾਰੀ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਉਸ ਨੇ ਨੌਵੇਂ ਵਿਕਟ ਲਈ ਸਮਰਥ ਐਨ ਦੇ ਨਾਲ 163 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ।
ਕਰਨਾਟਕ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਪ੍ਰਖਰ ਨੇ ਬਾਕੀ ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਫਿੱਕਾ ਸਾਬਤ ਕਰ ਦਿੱਤਾ। ਉਸ ਨੇ 404 ਦੌੜਾਂ ਬਣਾ ਕੇ ਆਪਣੀ ਵੱਖਰੀ ਪਛਾਣ ਬਣਾਈ। ਉਸ ਦੀ ਪਾਰੀ ਦੇ ਦਮ ‘ਤੇ ਕਰਨਾਟਕ ਨੇ ਪਹਿਲੀ ਪਾਰੀ ‘ਚ 510 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ। ਚੌਥੇ ਦਿਨ ਜਦੋਂ ਕਰਨਾਟਕ ਨੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ ਤਾਂ ਦੋਵੇਂ ਟੀਮਾਂ ਨੇ ਡਰਾਅ ‘ਤੇ ਸਮਝੌਤਾ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ‘ਚ ਬੜ੍ਹਤ ਲੈ ਕੇ ਕਰਨਾਟਕ ਇਸ ਸੈਸ਼ਨ ‘ਚ ਕੂਚ ਬਿਹਾਰ ਟਰਾਫੀ ਦਾ ਚੈਂਪੀਅਨ ਬਣ ਗਿਆ ਹੈ।