ਦੇਸ਼, 26 ਜੁਲਾਈ 2025: Kargil Vijay Diwas 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਅੱਜ ਕਾਰਗਿਲ ਵਿਜੇ ਦਿਵਸ ‘ਤੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਫੌਜ ਦੇ ਬਹਾਦਰ ਫੌਜੀਆਂ ਦੀ ਅਸਾਧਾਰਨ ਬਹਾਦਰੀ, ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦੇਸ਼ ਦੇ ਆਤਮ-ਸਨਮਾਨ ਦੀ ਰੱਖਿਆ ਕਰਨ ਵਾਲੇ ਸ਼ਹੀਦ ਪੁੱਤਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਮਾਤ ਭੂਮੀ ਲਈ ਮਰਨ ਦੀ ਸੈਨਿਕਾਂ ਦੀ ਭਾਵਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰੇਗੀ।
26 ਸਾਲ ਪਹਿਲਾਂ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਾਦਰ ਪੁੱਤਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮੌਕਾ ਸਾਨੂੰ ਭਾਰਤ ਮਾਤਾ ਦੇ ਉਨ੍ਹਾਂ ਬਹਾਦਰ ਪੁੱਤਰਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਆਤਮ-ਸਨਮਾਨ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
ਕਾਰਗਿਲ ਵਿਜੇ ਦਿਵਸ ਦੇ 26 ਸਾਲ ਪੂਰੇ ਹੋਣ ‘ਤੇ, ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਪਹੁੰਚੇ। ਤਿੰਨੋਂ ਫੌਜਾਂ ਦੇ ਮੁਖੀ ਵੀ ਉਨ੍ਹਾਂ ਨਾਲ ਮੌਜੂਦ ਸਨ। ਰਾਜਨਾਥ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਦੂਜੇ ਪਾਸੇ, ਦੋ ਕੇਂਦਰੀ ਮੰਤਰੀਆਂ ਮਨਸੁਖ ਮੰਡਾਵੀਆ ਅਤੇ ਸੰਜੇ ਸੇਠ ਨੇ ਲੱਦਾਖ ਦੇ ਦਰਾਸ ‘ਚ ਕਰਵਾਏ ਪ੍ਰੋਗਰਾਮ ‘ਚ ਹਿੱਸਾ ਲਿਆ। ਮੰਤਰੀਆਂ ਨੇ 1999 ਦੀ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਿਕਰਯੋਗ ਹੈ ਕਿ 5 ਮਈ 1999 ਨੂੰ, ਪਾਕਿਸਤਾਨ ਦੀ ਘੁਸਪੈਠ ਤੋਂ ਬਾਅਦ, ਕਾਰਗਿਲ ਦੀਆਂ ਪਹਾੜੀ ਚੋਟੀਆਂ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ। ਇਹ ਜੰਗ ਲਗਭਗ 84 ਦਿਨਾਂ ਤੱਕ ਚੱਲੀ। ਇਹ ਜੰਗ ਅਧਿਕਾਰਤ ਤੌਰ ‘ਤੇ 26 ਜੁਲਾਈ 1999 ਨੂੰ ਭਾਰਤ ਦੀ ਜਿੱਤ ਨਾਲ ਖਤਮ ਹੋਈ। ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ, ਜਿਸ ‘ਚ ਭਾਰਤੀ ਜਵਾਨਾਂ ਦੀ ਕੁਰਬਾਨੀ ਅਤੇ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ।
Read More: ਕਾਰਗਿਲ ਵਿਜੇ ਦਿਵਸ ‘ਤੇ CM ਭਗਵੰਤ ਮਾਨ ਦਾ ਐਲਾਨ, ਸ਼ਹੀਦਾਂ ਦੇ ਪਰਿਵਾਰ ਦੀ ਪੈਨਸ਼ਨ ‘ਚ ਕੀਤਾ ਵਾਧਾ