ਕਪੂਰਥਲਾ, 18 ਸਤੰਬਰ 2023: ਡੀ.ਜੀ.ਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਪੂਰਥਲਾ ਪੁਲਿਸ (Kapurthala Police) ਨੇ ਵੱਡੀ ਕਾਰਵਾਈ ਕਰਦਿਆਂ ਅੱਜ ਸੁਭਾਨਪੁਰ ਖੇਤਰ ’ਚ 6 ਕਿੱਲੋਂ ਹੈਰੋਇਨ ਅਤੇ 7 ਲੱਖ ਰੁਪਏ ਡਰੱਗ ਮਨੀ ਸਮੇਤ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ. ਰਾਜਪਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਵਲੋਂ ਦਿੱਲੀ ਤੋਂ ਹੈਰੋਇਨ ਮੰਗਵਾ ਕੇ ਰਮੀਦੀ ਪੁੱਲ ਹੇਠ ਸਪਲਾਈ ਅਤੇ ਪੈਸਿਆਂ ਦਾ ਲੈਣ-ਦੇਣ ਤੈਅ ਕੀਤਾ ਗਿਆ ਸੀ ਜਿਸ ਬਾਰੇ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਤਸਕਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲਾ, ਸਵਰਨ ਸਿੰਘ ਉਰਫ਼ ਚਾਪੜ ਵਾਸੀ ਵਿਲਾ ਕੋਠੀ, ਅਮਨਦੀਪ ਸਿੰਘ ਵਾਸੀ ਦਿਆਲਪੁਰ, ਰਾਹੁਲ ਅਤੇ ਅਤੁਲ ਵਾਸੀ ਪਟੇਲ ਗਾਰਡਨ, ਦਵਾਰਕਾ ਮੋੜ ਨਵੀਂ ਦਿੱਲੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਪਾਸੋਂ 2 ਕਿੱਲੋਂ ਹੈਰੋਇਨ ਅਤੇ 1 ਲੱਖ ਰੁਪਏ ਡਰੱਗ ਮਨੀ ਤੇ ਸਵਿੱਫਟ ਕਾਰ ਪੀ.ਬੀ.09 ਏ.ਕੇ 1703, ਸਵਰਨ ਸਿੰਘ ਉਰਫ਼ ਚਾਪੜ ਤੋਂ 2 ਕਿੱਲੋ ਹੈਰੋਇਨ , ਅਮਨਦੀਪ ਤੋਂ 1 ਕਿੱਲੋ ਹੈਰੋਇਨ ਅਤੇ ਅਤੁਲ ਪਾਸੋਂ 1 ਕਿੱਲੋਂ ਹੈਰੋਇਨ ਤੇ 6 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਹੁਲ ਅਤੇ ਅਤੁਲ, ਜੋ ਦੋਵੇਂ ਭਰਾ ਹਨ, ਉਨ੍ਹਾਂ ਦੀ ਟਾਟਾ ਹੈਕਸਾ ਕਾਰ ਨੰਬਰ ਐਚ.ਆਰ.26 ਡੀਡੀ 2984 ਵੀ ਕਬਜ਼ੇ ਵਿਚ ਲਈ ਗਈ।
ਸੁਭਾਨਪੁਰ ਵਿਖੇ ਹੋਈ ਪ੍ਰੈਸ ਵਾਰਤਾ ਦੋਰਾਨ ਐਸ.ਐਸ.ਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ (Kapurthala Police) ਨੂੰ ਮਿਲੀ ਇਤਲਾਹ ’ਤੇ ਐਸ.ਪੀ (ਇਨਵੈਸਟੀਗੇਸ਼ਨ) ਰਮਨਿੰਦਰ ਸਿੰਘ, ਡੀ.ਐਸ.ਪੀ. (ਡੀ) ਗੁਰਮੀਤ ਸਿੰਘ ਅਤੇ ਸੀ.ਆਈ.ਏ ਦੇ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਪਲਾਨ ਬਣਾ ਕੇ ਐਸ.ਆਈ ਲਾਭ ਸਿੰਘ ਸਮੇਤ ਪੁਲਿਸ ਪਾਰਟੀ ਨੇ ਇਸ ਕਾਰਵਾਈ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਉਰਫ਼ ਸੇਬੀ ਵਾਸੀ ਡੋਗਰਾਂਵਾਲ, ਜੋ ਕਿ ਵੱਡਾ ਤਸਕਰਾਂ ਹੈ ਅਤੇ ਦਿੱਲੀ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿਚ ਸਪਲਾਈ ਕਰਦਾ ਹੈ, ਨੂੰ ਰਾਹੁਲ ਅਤੇ ਅਤੁਲ ਦਿੱਲੀ ਤੋਂ ਇਹ ਸਪਲਾਈ ਦੇਣ ਸੁਭਾਨਪੁਰ ਏਰੀਏ ਵਿਚ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਸਪਲਾਈ ਲੈਣ ਅਤੇ ਪੈਸਿਆਂ ਦੇ ਲੈਣ-ਦੇਣ ਲਈ ਕਸ਼ਮੀਰ ਸਿੰਘ , ਸਵਰਨ ਸਿੰਘ ਅਤੇ ਅਮਨਦੀਪ ਨੂੰ ਸਵਿੱਫਟ ਕਾਰ ਦੇ ਕੇ ਭੇਜਿਆ ਸੀ |
ਜਿਨ੍ਹਾਂ ਨੂੰ ਮੌਕੇ ’ਤੇ ਹੀ ਰੇਡ ਕਰਕੇ ਗ੍ਰਿਫਤਾਰ ਕਰਦਿਆਂ ਹੈਰੋਇਨ ਅਤੇ ਡਰੱਗੀ ਮਨੀ ਦੀ ਬਰਾਮਦਗੀ ਕੀਤੀ ਗਈ। ਐਸ.ਐਸ.ਪੀ ਨੇ ਦੱਸਿਆ ਕਿ ਇਸ ਕੰਮ ਵਿਚ ਮੁੱਖ ਸਰਗਨਾ ਸੁਖਦੇਵ ਸਿੰਘ ਉਰਫ਼ ਸੇਬੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਐੱਨ.ਡੀ.ਪੀ.ਐਸ. ਐਕਟ ਦੀ ਧਾਰਾ 21 (ਸੀ), 29 ਤਹਿਤ ਮਿਤੀ 18-09-2023 ਨੂੰ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ।
ਨਸ਼ਿਆਂ ਦੇ ਧੰਦੇ ’ਚ ਸ਼ਾਮਲ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਐਸ.ਐਸ.ਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਅਜਿਹੇ ਲੋਕਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਨਸ਼ਿਆਂ ਦਾ ਧੰਦਾ ਕਿਸੇ ਵੀ ਕੀਮਤ ’ਤੇ ਬਰਦਾਸ਼ਤਯੋਗ ਨਹੀਂ ਹੈ।