ਚੰਡੀਗੜ੍ਹ, 27 ਨਵੰਬਰ 2024: ਕਪੂਰਥਲਾ (Kapurthala) ‘ਚ ਅੱਜ ਨਿੱਜੀ ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਅੱਠ ਸਾਲ ਦੀ ਬੱਚੀ ਦੀ ਜਾਨ ਚਲੀ ਗਈ ਹੈ | ਮ੍ਰਿਤਕ ਬੱਚੀ ਦੀ ਪਛਾਣ ਸੀਰਤ ਵਜੋਂ ਹੋਈ ਹੈ | ਇਸਦੇ ਨਾਲ ਹੀ ਬੱਚੀ ਦੇ ਮਾਤਾ-ਪਿਤਾ ਅਤੇ ਇੱਕ ਭੈਣ ਵੀ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ |
ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਸਿਮਰਜੀਤ ਸਿੰਘ ਦੀਆਂ ਦੋਵੇਂ ਲੱਤਾਂ ‘ਚ ਫਰੈਕਚਰ ਹੋ ਗਈਆਂ ਹਨ। ਇਸਦੇ ਨਾਲ ਹੀ ਛੋਟੀ ਬੱਚੀ ਬਾਣੀ ਅਤੇ ਮਾਤਾ ਸੁਮਨ ਰਾਣੀ ਦੇ ਮੱਥੇ ‘ਤੇ ਵੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨ ਅਤੇ ਬੱਚੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਲਿਆ। ਐਸਐਚਓ ਰਮਨਦੀਪ ਕੁਮਾਰ ਦੇ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ |
Read More: Punjab News: ਜਲੰਧਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਮੋਟਰਸਾਈਕਲ ਸਵਾਰ ਹੋ ਕੇ ਸ਼ੇਖੂਪੁਰ ਸਥਿਤ ਮਾਤਾ ਭੱਦਰਕਾਲੀ ਮੰਦਰ ‘ਚ ਮੱਥਾ ਟੇਕਣ ਗਏ ਸਨ | ਜਦੋਂ ਉਹ ਮੱਥਾ ਟੇਕ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ ਤਾਂ ਪਿੰਡ ਹੋਠੀਆਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਮੋਟਰਸਾਈਕਲ ਬੱਸ ਦੇ ਹੇਠਾਂ ਦਰੜੀ ਗਈ |
ਦੱਸਿਆ ਜਾ ਰਿਹਾ ਹੈ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜੋ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾ ਗਈ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ (Kapurthala) ਪਹੁੰਚਾਇਆ।