ਚੰਡੀਗੜ੍ਹ, 17 ਜੂਨ 2024: ਕਪੂਰਥਲਾ (Kapurthala) ‘ਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਇਕ ਬੀਬੀ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਕਬਜ਼ੇ ‘ਚੋਂ ਡੇਢ ਲੱਖ ਰੁਪਏ ਦੀ ਨਕਦੀ, ਸਵਿਫਟ ਕਾਰ ਅਤੇ ਅੱਧੀ ਦਰਜਨ ਦੇ ਕਰੀਬ ਬਾਈਕ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ ਕਪੂਰਥਲਾ (Kapurthala) ਵਤਸਲਾ ਗੁਪਤਾ ਨੇ ਦੱਸਿਆ ਕਿ ਐਤਵਾਰ ਨੂੰ ਚਾਰੇ ਸਬ-ਡਿਵੀਜ਼ਨਾਂ ਵਿੱਚ ਡਰੱਗ ਹੌਟਸਪੌਟ ਖੇਤਰ ਦੇ ਕਰੀਬ 100 ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ 50 ਗ੍ਰਾਮ ਹੈਰੋਇਨ ਤੋਂ ਇਲਾਵਾ ਚੰਡੀਗੜ੍ਹ ‘ਚ ਵੇਚੀ ਜਾਣ ਵਾਲੀ 45 ਬੋਤਲਾਂ ਨਜਾਇਜ਼ ਸ਼ਰਾਬ ਤੋਂ ਇਲਾਵਾ 6 ਹਜ਼ਾਰ ਲੀਟਰ ਸ਼ਰਾਬ ਵੀ ਬਰਾਮਦ ਕੀਤੀ ਗਈ।
ਐਸਐਸਪੀ ਨੇ ਦੱਸਿਆ ਕਿ ਥਾਣਾ ਸੁਭਾਨਪੁਰ ਦੇ ਇੱਕ ਵਿਅਕਤੀ ਕੋਲੋਂ ਕਰੀਬ ਡੇਢ ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਸੁਲਤਾਨਪੁਰ ਲੋਧੀ ਦੇ ਦੋ ਥਾਣਿਆਂ ਦੀ ਪੁਲਿਸ ਨੇ 530 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫੋਨ ’ਤੇ ਫਿਰੌਤੀ ਮੰਗਣ ਵਾਲੇ ਲਖਵਿੰਦਰ ਸਿੰਘ ਲੰਡਾ ਗਿਰੋਹ ਨਾਲ ਸਬੰਧਤ ਵਿਅਕਤੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।