ਚੰਡੀਗੜ੍ਹ, 30 ਦਸੰਬਰ 2024: ਕਪੂਰਥਲਾ (Kapurthala) ‘ਚ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋ ਬੀਬੀਆਂ ਦੀ ਜਾਨ ਚਲੀ ਗਈ | ਇਹ ਦੋਵੇਂ ਬੀਬੀਆਂ ਦਰਾਣੀ-ਜੇਠਾਣੀ ਸੀ |
ਇਸ ਹਾਦਸੇ ਦੌਰਾਨ ਇੱਕ ਬੱਚਾ ਅਤੇ ਈ-ਰਿਕਸ਼ਾ ਚਾਲਕ ਵੀ ਜ਼ਖ਼ਮੀ ਹੋ ਗਿਆ । ਜ਼ਖ਼ਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸੁਭਾਨਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸੁਭਾਨਪੁਰ ਦੇ ਜਾਂਚ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਬੀਐਨਐਸ ਦੀਆਂ ਧਾਰਾਵਾਂ ਤਹਿਤ ਕਾਰ ਚਾਲਕ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮ੍ਰਿਤਕ ਬੀਬੀ ਦੀ ਪਛਾਣ ਨੀਲਮ ਕੁਮਾਰੀ (30 ਸਾਲ) ਪਤਨੀ ਕੁਲਵਿੰਦਰ ਸਿੰਘ ਅਤੇ ਸੀਮਾ ਰਾਣੀ (27 ਸਾਲ) ਪਤਨੀ ਮਲਕੀਤ ਸਿੰਘ ਵਾਸੀ ਗੁਰੂ ਰਵਿਦਾਸ ਨਗਰ, ਜਲੰਧਰ ਵਜੋਂ ਹੋਈ ਹੈ।
5 ਸਾਲਾ ਨਵਜੋਤ ਸਿੰਘ ਅਤੇ ਈ-ਰਿਕਸ਼ਾ ਚਾਲਕ ਜਤਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇੱਥੋਂ 5 ਸਾਲਾ ਨਵਜੋਤ ਸਿੰਘ ਅਤੇ ਈ-ਰਿਕਸ਼ਾ ਚਾਲਕ ਜਤਿੰਦਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰ ਨੇ ਉਨ੍ਹਾਂ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ।
ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਕਾਰ ਚਾਲਕ ਜਗਜੀਤ ਸਿੰਘ ਉਰਫ਼ ਜੱਗਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰ ਨੂੰ ਕਬਜ਼ੇ ‘ਚ ਲੈ ਲਿਆ ਹੈ।