ਚੰਡੀਗੜ੍ਹ, 30 ਅਗਸਤ 2024: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ (film Emergency) ਸਿਨੇਮਾਘਰਾਂ ‘ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਇਸ ਫਿਲਮ ਦਾ ਸਭ ਤੋਂ ਪਹਿਲਾਂ ਪੰਜਾਬ ‘ਚ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ |
ਸਿੱਖ ਭਾਈਚਾਰੇ ਮੁਤਾਬਕ ਇਸ ਫਿਲਮ ‘ਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਤੇਲੰਗਾਨਾ ਸਰਕਾਰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ‘ਤੇ ਪਾਬੰਦੀ ਲਗਾਉਣ ਬਾਰੇ ਸੋਚ ਰਹੀ ਹੈ। ਇਸ ਬਾਰੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਵੀ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਭਰੋਸਾ ਵੀ ਦਿੱਤਾ ਹੈ।
ਮੁੱਖ ਮੰਤਰੀ ਏ. ਰੇਵੰਤ ਰੈਡੀ ਦੀ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸ਼ਬੀਰ ਨੇ ਇਸ ਫਿਲਮ ਬਾਰੇ ਕਿਹਾ ਹੈ ਕਿ ਇਸ ਫਿਲਮ ‘ਚ ਸਿੱਖ ਕੌਮ ਨੂੰ ਇਤਿਹਾਸਕ ਤੌਰ ‘ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖਾਂ ਦੇ ਅਕਸ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸਾਬਕਾ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਤੇਜਦੀਪ ਕੌਰ ਮੈਨਨ ਦੀ ਅਗਵਾਈ ਹੇਠ ਤੇਲੰਗਾਨਾ ਸਿੱਖ ਸੁਸਾਇਟੀ ਦੇ ਵਫ਼ਦ ਨੇ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸ਼ਬੀਰ ਨਾਲ ਇਸ ਫ਼ਿਲਮ ਬਾਰੇ ਚਰਚਾ ਕੀਤੀ। ਗੱਲਬਾਤ ਦੌਰਾਨ ਸਿੱਖ ਜਥੇਬੰਦੀ ਨੇ ਸਰਕਾਰ ਅੱਗੇ ਫਿਲਮ ‘ਐਮਰਜੈਂਸੀ’ (film Emergency) ਦੀ ਸਕਰੀਨਿੰਗ ’ਤੇ ਪਾਬੰਦੀ ਲਾਉਣ ਦੀ ਮੰਗ ਰੱਖੀ।
ਤੇਲੰਗਾਨਾ ਸਿੱਖ ਸੁਸਾਇਟੀ ਦੇ ਇੱਕ ਵਫ਼ਦ ਨੇ ਸੂਬਾ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਦੀ ਫ਼ਿਲਮ ‘ਚ ਸਿੱਖਾਂ ‘ਰਾਸ਼ਟਰ ਵਿਰੋਧੀ’ ਦਿਖਾਇਆ ਗਿਆ ਹੈ। ਜੋ ਸਮੁੱਚੀ ਕੌਮ ਦਾ ਅਪਮਾਨ ਹੈ ਅਤੇ ਸਿੱਖਾਂ ਦੇ ਅਕਸ ਨੂੰ ਢਾਹ ਲਾ ਰਿਹਾ ਹੈ।