ਚੰਡੀਗੜ੍ਹ, 06 ਸਤੰਬਰ 2023: ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਤੋਂ ਬਾਅਦ ਵੋਟਾਂ ਗਿਣਤੀ ਜਾਰੀ ਹੈ। ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਕਮਲਪ੍ਰੀਤ ਕੌਰ (Kamalpreet Kaur) ਨੇ ਜਿੱਤ ਹਾਸਲ ਕੀਤੀ ਹੈ। ਜਦੋਂਕਿ ਨਵਨੀਤ ਕੌਰ ਸੈਕਟਰੀ ਦੇ ਅਹੁਦੇ ਲਈ ਤੇ ਵਰਿੰਦਾ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੁਣੀਆਂ ਗਈਆਂ।
ਪੀਯੂ ਪ੍ਰਧਾਨ ਦੇ ਅਹੁਦੇ ਲਈ ਐਨਐਸਯੂਆਈ ਦੇ ਜਤਿੰਦਰ ਸਿੰਘ 590 ਵੋਟਾਂ ਨਾਲ ਪਹਿਲੇ ਨੰਬਰ ’ਤੇ ਬਣੇ ਹੋਏ ਹਨ। ਜਦੋਂ ਕਿ ABVP ਦੇ ਰਾਕੇਸ਼ ਦੇਸ਼ਵਾਲ 570 ਵੋਟਾਂ ਨਾਲ ਦੂਜੇ ਸਥਾਨ ‘ਤੇ ਚੱਲ ਰਹੇ ਹਨ ਅਤੇ CYSS ਦੇ ਦਿਵਯਾਂਸ਼ ਠਾਕੁਰ 555 ਵੋਟਾਂ ਨਾਲ ਤੀਜੇ ਸਥਾਨ ‘ਤੇ ਚੱਲ ਰਹੇ ਹਨ।
ਇਸਤੋਂ ਪਹਿਲਾਂ ਡੀਜੀਪੀ ਪ੍ਰਵੀਨ ਰੰਜਨ ਤੇ ਐਸਐਸਪੀ ਕੰਵਰਦੀਪ ਕੌਰ ਗਿਣਤੀ ਕੇਂਦਰ ਦਾ ਮੁਆਇਨਾ ਕਰਨ ਲਈ ਪੁੱਜੇ | ਯੂਨੀਵਰਸਿਟੀ ਦੇ ਸਟਾਫ਼ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ। ਵਿਦਿਆਰਥੀ ਸਵੇਰ ਤੋਂ ਹੀ ਵੋਟ ਪਾਉਣ ਲਈ ਪਹੁੰਚ ਗਏ ਸਨ। ਪੁਲਿਸ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਪਛਾਣ ਪੱਤਰ ਦਿਖਾ ਕੇ ਹੀ ਕੈਂਪਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ।
ਯੂਨੀਵਰਸਿਟੀ ਦੇ ਕਰੀਬ 15693 ਵਿਦਿਆਰਥੀਆਂ ਨੇ ਵੋਟਿੰਗ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ 10 ਕਾਲਜਾਂ ਵਿੱਚ 43705 ਦੇ ਕਰੀਬ ਵੋਟਰ ਹਨ। ਸ਼ਹਿਰ ਦੇ 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦੋਂਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਹੁਦਿਆਂ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ।