ਚੰਡੀਗੜ੍ਹ , 23 ਜੂਨ 2023: ਮੋਗਾ (Moga) ਦੇ ਬੱਧਨੀ ਕਲਾਂ ਵਿਖੇ ਦੇਰ ਰਾਤ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ (Kulwinder Kinda) ਦੀ ਮਾਂ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ, ਹੁਣ ਕੁਲਵਿੰਦਰ ਕਿੰਦਾ ਦੀ ਮਾਂ ਉਪਰ ਹੋਏ ਹਮਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਮੁਤਾਬਕ ਕਬੱਡੀ ਖਿਡਾਰੀ ਨੇ ਖੁਦ ਹੀ ਮਾਂ ਦੇ ਸੱਟਾਂ ਮਾਰ ਕੇ ਇਹ ਸਾਰਾ ਡਰਾਮਾ ਰਚਿਆ ਸੀ। ਆਪਣੀ ਮਾਂ ਦੇ ਸੱਟਾਂ ਮਾਰਨ ਮਗਰੋਂ ਉਸ ਨੇ ਖੁਦ ਹੀ ਲਾਈਵ ਹੋ ਕੇ ਕਿਸੇ ਉਤੇ ਇਲਜ਼ਾਮ ਲਗਾਏ ਸਨ।
ਐਸਐਸਪੀ ਮੋਗਾ ਨੇ ਦੱਸਿਆ ਕਿ ਕਬੱਡੀ ਖਿਡਾਰੀ 21 ਜੂਨ ਨੂੰ ਚਿਕਨ ਕਾਰਨਰ ਤੋਂ ਮੀਟ ਕੱਟਣ ਵਾਲਾ ਟਕੂਆ ਲੈ ਕੇ ਆਇਆ, ਇਸਤੋਂ ਬਾਅਦ ਖੁਦ ਆਪਣੀ ਮਾਂ ਨੂੰ ਸੱਟਾਂ ਮਾਰੀਆਂ । ਇਸ ਹਮਲੇ ਵਿੱਚ ਕਬੱਡੀ ਖਿਡਾਰੀ ਦੀ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਐਸਐਸਪੀ ਮੋਗਾ ਇਲਨਚੇਲੀਅਨ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ ਕੁਲਵਿੰਦਰ ਕਿੰਦਾ ਆਪਣੀ ਮਾਂ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਆਪਣੀ ਮਾਂ ਉਪਰ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਕਬੱਡੀ ਖਿਡਾਰੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਹੋਰ ਪੁੱਛਗਿੱਛ ਵੀ ਕਰੇਗੀ।