ਮੁੰਬਈ, 21 ਅਗਸਤ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਨਿਵੇਸ਼ ਪ੍ਰਾਜੈਕਟਾਂ ਲਈ ਮੁੰਬਈ ‘ਚ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਪੰਜਾਬ ‘ਚ ਨਿਵੇਸ਼ (Invest) ਕਰਨ ਦਾ ਸੱਦਾ ਦਿੱਤਾ ਹੈ | ਇਸ ਦੌਰਾਨ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ, ਆਰ.ਪੀ.ਜੀ., ਸਿਫੀ ਟੈਕਨਾਲੋਜੀਜ਼ ਅਤੇ ਜੇ.ਐਸ.ਡਬਲਯੂ. ਗਰੁੱਪ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਪੰਜਾਬ ‘ਚ ਨਿਵੇਸ਼ ਕਰਨ ਦੀ ਇੱਛਾ ਜਤਾਈ ਹੈ |
ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਨਅਤ ਧੁਰੇ ਵਜੋਂ ਉੱਭਰ ਰਹੇ ਪੰਜਾਬ ‘ਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਬਹੁਤ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ ਜੋ ਸੂਬੇ ਦੇ ਵਿਕਾਸ ‘ਚ ਅਹਿਮ ਭੂਮਿਕਾਂ ਅਦਾ ਕਰਦੇ ਹਨ |
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਪੰਜਾਬ ‘ਚ ਨਿਵੇਸ਼ (Invest) ਕਰਨ ਲਈ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਨਅਤ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਪੰਜਾਬ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਕਰਕੇ ਆਪਣੇ ਮੌਜੂਦਾ ਟੌਂਸਾ ਪ੍ਰਾਜੈਕਟ ਦਾ ਵਿਸਥਾਰ ਕਰਨ ‘ਚ ਦਿਲਚਸਪੀ ਪ੍ਰਗਟਾਈ ਹੈ ।
ਦਾਮੋਦਰਨ ਸਤਗੋਪਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਫਾਰਮਾ ਕੰਪਨੀ ਦਾ ਸਲਾਨਾ ਟਰਨਓਵਰ 48,496 ਕਰੋੜ ਰੁਪਏ ਹੈ ਅਤੇ ਮੌਜੂਦਾ ਸਮੇਂ ਟੌਂਸਾ, ਬਲਾਚੌਰ ਅਤੇ ਮੋਹਾਲੀ ‘ਚ ਪ੍ਰਾਜੈਕਟ ਕਾਰਜਸ਼ੀਲ ਹੈ। ਫਾਰਮਾ ਬ੍ਰਾਂਡਡ ਉਤਪਾਦਾਂ ਲਈ ਇਨ-ਲਾਇਸੈਂਸਿੰਗ, ਐਮ ਐਂਡ ਏ ਅਤੇ ਆਊਟ ਲਾਇਸੈਂਸਿੰਗ ਗਤੀਵਿਧੀਆਂ ਰਾਹੀਂ ਕਾਰੋਬਾਰ ਦਾ ਵਿਸਥਾਰ ਕਰਨ ਦੀ ਇੱਛਾ ਜਤਾਈ ਹੈ |
ਆਰ.ਪੀ.ਜੀ. ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨੇ ਪੰਜਾਬ ‘ਚ ਨਿਵੇਸ਼ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ | ਉਨ੍ਹਾਂ ਨੇ ਸਨਅਤਕਾਰਾਂ ਦੀ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ‘ਚ ਬਣਾਏ ਸਿੰਗਲ ਵਿੰਡੋ ਸਿਸਟਮ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਪਹਿਲਾਂ ਹੀ ਦੱਖਣ ਅਤੇ ਪੱਛਮ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੈ ਅਤੇ ਹੁਣ ਪੰਜਾਬ ‘ਚ ਕਰਨ ਦੀ ਵਾਰੀ ਹੈ।
ਇਸਦੇ ਨਾਲ ਹੀ ਸਿਫੀ ਟੈਕਨਾਲੋਜੀਜ਼ ਨੇ ਪਹਿਲੇ ਪੜਾਅ ਵਿੱਚ ਮੋਹਾਲੀ ‘ਚ ਇੱਕ ਸਮਰਪਿਤ/ਕੈਪਟਿਵ ਡੇਟਾ ਸੈਂਟਰ ਸਥਾਪਿਤ ਕਰਨ ਅਤੇ ਪੰਜਾਬ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਹੌਰੀਜ਼ੋਂਟਲ ਡੇਟਾ ਸੈਂਟਰ ‘ਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।
ਜੇ.ਐਸ.ਡਬਲਯੂ. ਗਰੁੱਪ ਨੇ ਪੰਜਾਬ ‘ਚ ਜੇ.ਐਸ.ਡਬਲਯੂ ਸਟੀਲ ਕੋਟਿੰਗ ਉਤਪਾਦਾਂ ਸਮੇਤ 1600 ਕਰੋੜ ਰੁਪਏ ਦਾ ਹੋਰ ਨਿਵੇਸ਼ (Invest) ਕਰਨ ਲਈ ਸਹਿਮਤੀ ਦਿੱਤੀ ਹੈ। ਜੇ.ਐਸ.ਡਬਲਯੂ ਸਟੀਲ ਕੋਟੇਡ ਪ੍ਰੋਡਕਟਸ ਲਿਮਟਿਡ ਦੇ ਕਾਰੋਬਾਰੀ ਮੁਖੀ ਅਮਰਜੀਤ ਸਿੰਘ ਦਹੀਆ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇ.ਐਸ.ਡਬਲਯੂ. ਸਟੀਲ ਕੋਟਿੰਗ ਪ੍ਰੋਡਕਟਸ ਲਿਮ. ਨੇ ਵਿਸਥਾਰ ਲਈ 1600 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ‘ਚ ਮੌਜੂਦਾ ਪਲਾਂਟ ਦੇ ਨਾਲ ਲੱਗਦੀ 28.17 ਏਕੜ ਜ਼ਮੀਨ ਖਰੀਦੀ ਹੈ।