ਚੰਡੀਗੜ੍ਹ, 15 ਅਪ੍ਰੈਲ 2023: ਪੱਤਰਕਾਰ ਜਗਤਾਰ ਸਿੰਘ ਭੁੱਲਰ (Jagtar Singh Bhullar) ਦੀ ਚੌਥੀ ਕਿਤਾਬ ” ਖ਼ਾਕੀ, ਖਾੜਕੂ ਤੇ ਕਲਮ-ਕਾਲੇ ਦੌਰ ਦੀ ਦਾਸਤਾਨ ” 18 ਅਪ੍ਰੈਲ ਨੂੰ ਹੋਵੇਗੀ ਲੋਕ ਅਰਪਣ ਹੋਵੇਗੀ। ਇਹ ਕਿਤਾਬ ਉਨ੍ਹਾਂ ਪੱਤਰਕਾਰਾਂ ਦੀਆਂ ਹੱਡਬੀਤੀਆਂ ਦੇ ਅਧਾਰਿਤ ਹੈ ਜਿਹਨਾਂ ਨੇ ਸਾਲ 1978 ਤੋਂ ਲੈਕੇ ਕਰੀਬ 1995 ਤੱਕ ਪੰਜਾਬ ਦੇ ਵੱਖ ਜਿਲ੍ਹਿਆ ਖਾਸ ਕਰਕੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਚੰਡੀਗੜ੍ਹ ਰਹਿਕੇ ਪੰਜਾਬ ਦੇ ਉਸ ਦੌਰ ਨੂੰ ਕਵਰ ਕੀਤਾ ਹੈ , ਜਿਸ ਦੌਰ ਦੀ ਕਦੇ ਪੰਜਾਬ ਨੇ ਤਵੱਕੋਂ ਨੇ ਰੱਖੀ ਸੀ।
ਇਸ ਦੌਰ ਨੇ ਪੰਜਾਬ ਦਾ ਰਾਜਸੀ, ਸਮਾਜਿਕ ਤੇ ਆਰਥਿਕ ਪੱਖੋਂ ਬਹੁਤ ਨੁਕਸਾਨ ਕੀਤਾ ਹੈ। ਇਸ ਕਿਤਾਬ ਵਿਚ ਪੰਜਾਬ ਦੇ 25 ਨਾਮੀ ਪੱਤਰਕਾਰਾਂ ਦੀ ਪੱਤਰਕਾਰੀ ਦੇ ਨਾਲ ਨਾਲ ਉਨ੍ਹਾਂ ਦੀ ਬਹਾਦੁਰੀ, ਸਮਾਜ ਪ੍ਰਤੀ ਵਫ਼ਾਦਾਰੀ, ਪਰਿਵਾਰ ਅਦਾਰੇ ਅਤੇ ਹਰ ਤਰ੍ਹਾਂ ਦੇ ਦਬਾਓ ਤਹਿਤ ਨਿਭਾਏ ਰੋਲ ਨੂੰ ਲੈਕੇ ਬਹੁਤ ਕੁਝ ਪੜ੍ਹਨ ਨੂੰ ਮਿਲੇਗਾ। ਉਨ੍ਹਾਂ ਦੇ ਤਜ਼ੁਰਬੇ , ਕੌੜੇ ਸੱਚ ਅਤੇ ਪੰਜਾਬ ਨਾਲ ਕੀ ਕੁਝ ਹੋਇਆ ਆਦਿ ਕਹਾਣੀਆਂ ਨੂੰ ਕਿਤਾਬ ਦਾ ਹਿੱਸਾ ਬਣਾਇਆ ਗਿਆ ਹੈ।
ਉਸ ਦੌਰ ਵਿੱਚ ਕਿੰਨੀ ਔਖੀ ਪੱਤਰਕਾਰੀ ਸੀ ਅੱਜ ਦੇ ਪੱਤਰਕਾਰ ਨਾ ਹੀ ਸੋਚ ਸਕਦੇ ਹਨ ਅਤੇ ਨਾ ਹੀ ਅੰਦਾਜ਼ਾ ਲਗਾ ਸਕਦੇ ਹਨ । ਸਵੇਰ ਤੋਂ ਲੈਕੇ ਰਾਤ ਤੱਕ ਅਤੇ ਫਿਰ ਸੱਜਰੀ ਸਵੇਰ ਤੱਕ ਹੀ ਇਹੀ ਡਰ ਲੱਗਾ ਰਹਿੰਦਾ ਸੀ ਕਿ ਅੱਜ ਕੀਤੇ ਆਪ ਹੀ ਨਾ ਕਿਸੇ ਬੇਗਾਨੀ ਜਾਂ ਫਿਰ ਆਪਣੀ ਹੀ ਅਖ਼ਬਾਰ ਦੀ ਸੁਰਖੀ ਨਾ ਬਣ ਜਾਈਏ।
ਖ਼ਬਰ ਵਿਚ ਖੜਾਕੂ ਧਿਰ ਦੇ ਪੂਰੇ ਨਾਮ ਨਾ ਛਾਪੇ ਗਏ ਤਾਂ ਸਵੇਰ ਨੂੰ ਉਸ ਧਿਰ ਦੀ ਧਮਕੀ ਅਤੇ ਅਗਰ ਪੁਲਿਸ ਦੇ ਝੂਠੇ ਮੁਕਾਬਲੇ ਨੂੰ ਲੈਕੇ ਖਬਰ ਛੱਪ ਗਈ ਤਾਂ ਫਿਰ ਸਰਕਾਰ ਦੀ ਧਮਕੀ ਪੱਕੀ ਹੁੰਦੀ ਸੀ । ਘਰਾਂ ਵਿੱਚ ਖਾੜਕੂਆਂ ਦੇ ਪ੍ਰੈੱਸ ਨੋਟ ਅਤੇ ਫਿਰ ਪੁਲਿਸ ਦਾ ਡਰਾਵਾ ਆਦਿ ਜਿੰਦਗੀ ਦਾ ਹਿੱਸਾ ਬਣ ਚੁੱਕਾ ਸੀ । ਇਸ ਬੇਲੋੜੀ ਜੰਗ ਵਿਚ ਜਿੱਥੇ ਸਮਾਜ ਪਿਸ ਰਿਹਾ ਸੀ ਉਥੇ ਪੱਤਰਕਾਰਾਂ ਦਾ ਵੀ ਪਿਸਨਾ ਲਾਜ਼ਮੀ ਸੀ । ਇਸ ਬੇਲੋੜੀ ਲੜਾਈ ਦੌਰਾਨ ਕਈ ਕਲਮਾਂ ਵੀ ਕੁਰਬਾਨ ਹੋਈਆਂ ਹਨ।
ਇਸ ਕਿਤਾਬ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ , ਸੀਪੀਐਮ ਦੇ ਸੂਬਾ ਸਕੱਤਰ ਕਮਾਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ ਐਸ ਡੀ ਮਨਜੀਤ ਸਿੰਘ ਸਿੱਧੂ ਲੋਕ ਅਰਪਣ ਕਰਨਗੇ ਜਦਕਿ ਇਸ ਕਿਤਾਬ ‘ਤੇ ਰਮੇਸ਼ ਵਿਨਾਇਕ ਕਾਰਜਕਾਰੀ ਸੰਪਦਾਕ ਹਿੰਦੋਸਤਾਨ ਟਾਈਮਜ਼, ਬਲਜੀਤ ਸਿੰਘ ਬੱਲੀ ਮੁੱਖ ਸੰਪਾਦਕ ਬਾਬੂਸ਼ਾਹੀ, ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਅਤੇ ਸਰਬਜੀਤ ਪੰਧੇਰ ਵਿਚਾਰ ਰੱਖਣਗੇ।
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ 18 ਅਪ੍ਰੈਲ ਨੂੰ ਸਵੇਰੇ ਸਵੇਰੇ ਸਾਢੇ 10 ਵਜੇ ਲੋਕ ਅਰਪਣ ਕੀਤੀ ਜਾਵੇਗੀ। ਜਗਤਾਰ ਸਿੰਘ ਭੁੱਲਰ ਦੀ ਇਸ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਦਹਿਸ਼ਤ ਦੇ ਪਰਛਾਵੇਂ, ਵਾਰਤਕ ਪੁਸਤਕ ਪ੍ਰੈਸ ਰੂਮ ਤੇ ਖੋਜ਼ ਅਧਾਰਿਤ ਕਿਤਾਬ ” ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ ” ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਚੁੱਕੀਆਂ ਹਨ।