July 7, 2024 4:50 pm
Mohali

ਡੇਰਾਬੱਸੀ ‘ਚ ਜੌਲਾਂ ਕਲਾਂ ਅਤੇ ਮੋਹਾਲੀ ਬਲਾਕ ‘ਚ ਚੱਪੜਚਿੜੀ ਦੀ ਪਾਇਲਟ ਪ੍ਰੋਜੈਕਟਾਂ ਲਈ ਪਛਾਣ

ਐਸ.ਏ.ਐਸ.ਨਗਰ, 20 ਅਕਤੂਬਰ, 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਜ਼ਿਲ੍ਹਾ ਪੰਚਾਇਤਾਂ ਲਈ ਗਾਰੰਟੀਸ਼ੁਦਾ ਆਮਦਨੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਅਣਵਰਤੀਆਂ ਪੰਚਾਇਤੀ ਜ਼ਮੀਨਾਂ ‘ਤੇ ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰੇਗਾ। ਐਗਰੋ ਫੋਰੈਸਟਰੀ ਦੇ ਤਹਿਤ ਜੋ ਪ੍ਰਸਤਾਵਿਤ ਰੁੱਖ ਲਗਾਏ ਜਾਣਗੇ, ਉਨ੍ਹਾਂ ਵਿੱਚ ਬਰਮਾ ਡੇਕ, ਸਫ਼ੈਦਾ ਅਤੇ ਪੋਪਲਰ ਸ਼ਾਮਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੀਤਿਕਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਚਾਇਤਾਂ ਦੀ ਗਾਰੰਟੀਸ਼ੁਦਾ ਆਮਦਨੀ ਲਈ ਜੰਗਲਾਤ ਵਿਭਾਗ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ।

ਏ.ਡੀ.ਸੀ ਗੀਤਿਕਾ ਸਿੰਘ ਨੇ ਦੱਸਿਆ ਕਿ ਅਸੀਂ ਹੁਣ ਤੱਕ ਮੋਹਾਲੀ ਅਤੇ ਡੇਰਾਬੱਸੀ ਬਲਾਕਾਂ ਦੇ ਦੋ ਪਿੰਡਾਂ ਦੀ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ, ਮੋਹਾਲੀ ਬਲਾਕ ਵਿੱਚ ਚੱਪੜਚਿੜੀ ਅਤੇ ਡੇਰਾਬੱਸੀ ਬਲਾਕ ਵਿੱਚ ਜੌਲਾ ਕਲਾਂ ਨੂੰ ਪਾਇਲਟ ਪ੍ਰੋਜੈਕਟ ਲਈ ਚੁਣਿਆ ਗਿਆ ਹੈ, ਜਦਕਿ ਮਾਜਰੀ ਅਤੇ ਖਰੜ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਅਗਲੇ ਹਫ਼ਤੇ ਤੱਕ ਜ਼ਮੀਨਾਂ ਦੀ ਸੂਚੀ ਸੌਂਪਣ ਲਈ ਕਿਹਾ ਗਿਆ ਹੈ।

ਐਗਰੋ ਫਾਰੈਸਟਰੀ ਘੱਟੋ-ਘੱਟ ਪੰਜ ਏਕੜ ਜ਼ਮੀਨ ਚ ਹੋਵੇਗੀ ਜਿੱਥੇ ਵਣ ਵਿਭਾਗ ਦੇ ਮਾਰਗਦਰਸ਼ਨ ਵਿੱਚ ਵਪਾਰਕ ਲੱਕੜ ਦੇ ਰੁੱਖ ਲਗਾਏ ਜਾਣਗੇ। ਰੁੱਖ ਦੇ ਵਾਧੇ ਅਨੁਸਾਰ ਉਪਜ ਦੀ ਮਿਆਦ ਤਿੰਨ ਤੋਂ ਪੰਜ ਸਾਲ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਇਨ੍ਹਾਂ ਤੋਂ ਸਮੇਂ-ਸਮੇਂ ‘ਤੇ ਆਮਦਨੀ ਪ੍ਰਾਪਤ ਹੋਵੇਗੀ।

ਪਹਿਲੇ ਪੜਾਅ ਵਿੱਚ ਹਰੇਕ ਬਲਾਕ ਵਿੱਚ, ਅਗਲੇ ਪੜਾਅ ਵਾਸਤੇ ਹੋਰਨਾਂ ਪਿੰਡਾਂ ਨੂੰ ਦਿਖਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਹੋਵੇਗਾ। ਏ ਡੀ ਸੀ ਗੀਤਿਕਾ ਸਿੰਘ ਨੇ ਕਿਹਾ ਕਿ ਅਸੀਂ ਖੇਤੀ ਅਧਾਰਿਤ ਜੰਗਲਾਤ ਵਿੱਚ ਪ੍ਰਵੇਸ਼ ਕਰਕੇ ਪੰਚਾਇਤਾਂ ਲਈ ਇੱਕ ਲਾਹੇਵੰਦ ਉੱਦਮ ਯਕੀਨੀ ਬਣਾ ਰਹੇ ਹਾਂ।

ਡਿਵੀਜ਼ਨਲ ਜੰਗਲਾਤ ਅਫ਼ਸਰ (Mohali) ਕੰਵਰਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੇ ਗਏ ਇਸ ਪ੍ਰੋਜੈਕਟ ਨਾਲ ਜੰਗਲਾਤ ਦੇ ਰਕਬੇ ਵਿੱਚ ਵਾਧਾ ਹੋਣ ਦੇ ਨਾਲ-ਨਾਲ ਸਬੰਧਤ ਪੰਚਾਇਤ ਨੂੰ ਗਾਰੰਟੀਸ਼ੁਦਾ ਮੇਹਨਤਾਨਾ ਮਿਲਣ ਦੇ ਨਾਲ-ਨਾਲ ਜ਼ਮੀਨਾਂ ਦੀ ਸੁਚੱਜੀ ਵਰਤੋਂ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਪਲਾਈਵੁੱਡ/ਲੱਕੜ ਦੇ ਪ੍ਰੋਸੈਸਿੰਗ ਅਧਾਰਤ ਉਦਯੋਗਾਂ ਵਿਚਕਾਰ ਲੱਕੜ ਦੀ ਪੈਦਾਵਾਰ ਦੀ ਗਾਰੰਟੀਸ਼ੁਦਾ ਖਰੀਦ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਹਰੇਕ ਬਲਾਕ ਵਿੱਚ ਸ਼ੁਰੂ ਹੋਣ ਜਾ ਰਿਹਾ ਪਾਇਲਟ ਪ੍ਰਾਜੈਕਟ ਜਲਦੀ ਹੀ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਲਵੇਗਾ ਜਿਸ ਨਾਲ ਹਰਿਆਲੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ।