Elections

ਅੰਤਰਰਾਸ਼ਟਰੀ ਸਰਹੱਦ ਪਾਰੋਂ ਚੋਣਾਂ ‘ਚ ਦਖਲ ਰੋਕਣ ਲਈ ਸਿਵਲ, ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਰਣਨੀਤੀ ਤਿਆਰ

ਫਾਜ਼ਿਲਕਾ 6 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਦੌਰਾਨ ਅੰਤਰ-ਰਾਸ਼ਟਰੀ ਸਰਹੱਦ ਦੇ ਪਾਰੋਂ ਨਸ਼ਿਆਂ ਜਾਂ ਹਥਿਆਰਾਂ ਦੇ ਰਾਹੀਂ ਚੋਣ (Elections) ਅਮਲ ਨੂੰ ਪ੍ਰਭਾਵਿਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖਤੀ ਨਾਲ ਨਾਕਾਮ ਕਰਨ ਲਈ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਪੁਲਿਸ ਅਤੇ ਬੀਐਸਐਫ ਦੇ ਨਾਲ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਸੇ ਲੜੀ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਿਵਿਲ, ਪੁਲਿਸ ਅਤੇ ਬੀਐਸਐਫ ਦੀ ਇੱਕ ਸਾਂਝੀ ਮੀਟਿੰਗ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਸਥਿਤ ਇੱਕ ਚੌਕੀ ਵਿਖੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਐਸਐਸਪੀ ਫਾਜ਼ਿਲਕਾ ਡਾ ਪ੍ਰਗਿਆ ਜੈਨ ਆਈਪੀਐਸ ਅਤੇ ਬੀਐਸਐਫ ਦੇ ਕਮਾਂਡੈਂਟ ਐਮ ਪ੍ਰਸ਼ਾਦ ਤੋਂ ਇਲਾਵਾ ਪੁਲਿਸ ਅਤੇ ਬੀਐਸਐਫ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਦੁਸ਼ਮਣ ਦੇਸ਼ ਵੱਲੋਂ ਸਰਹੱਦ ਪਾਰੋਂ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਦੀ ਨੀਅਤ ਨਾਲ ਨਸ਼ੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਨੂੰ ਸਖਤੀ ਨਾਲ ਨਾਕਾਮ ਕਰਨ ਲਈ ਸਾਂਝੀ ਰਣਨੀਤੀ ਉਲੀਕੀ ਗਈ ਹੈ ਅਤੇ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਚੌਕਸੀ ਨੂੰ ਵਧਾਉਂਦੇ ਹੋਏ ਦੁਸ਼ਮਣ ਦੇਸ਼ ਦੀ ਹਰ ਚਾਲ ਨੂੰ ਨਾਕਾਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆਪਸੀ ਤਾਲਮੇਲ ਨਾਲ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਨੂੰ ਰੋਕਣਾ ਆਸਾਨ ਹੋਵੇਗਾ।

ਇਸ ਮੌਕੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਵੱਖ ਵੱਖ ਸੁਰੱਖਿਆ ਏਜੰਸੀਆਂ ਵਿੱਚ ਬਿਹਤਰ ਤਾਲਮੇਲ ਰਾਹੀਂ ਅਤੇ ਸਮੇਂ ਸਮੇਂ ਤੇ ਸਾਂਝੀ ਨਾਕੇਬੰਦੀ ਅਤੇ ਸਾਂਝੀ ਗਸਤ ਰਾਹੀਂ ਨਸ਼ਾ ਤਸਕਰੀ ਨੂੰ ਬੰਦ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਹਨਾਂ ਨੇ ਇਸ ਦੌਰਾਨ ਇੱਥੇ ਨੇੜਲੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਆਵਾਜਾਈ ਦੀ ਸੂਚਨਾ ਪੁਲਿਸ ਜਾਂ ਬੀਐਸਐਫ ਨੂੰ ਦੇਣ। ਉਹਨਾਂ ਨੇ ਅਪੀਲ ਕੀਤੀ ਕਿ ਡਰੋਨ ਗਤੀਵਿਧੀ ਦੀ ਜੇਕਰ ਕਿਸੇ ਨੂੰ ਕੋਈ ਸੂਚਨਾ ਹੋਵੇ ਤਾਂ ਉਹ ਇਹ ਸੂਚਨਾ ਪੁਲਿਸ ਜਾਂ ਬੀਐਸਐਫ ਨਾਲ ਸਾਂਝੀ ਕਰੇ । ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ।

ਬੀਐਸਐਫ ਦੇ ਕਮਾਂਡੈਂਟ ਐਮ ਪ੍ਰਸ਼ਾਦ ਨੇ ਕਿਹਾ ਕਿ ਬੀਐਸਐਫ ਸਰਹੱਦ ਤੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੁਲਿਸ ਨਾਲ ਬਿਹਤਰ ਤਾਲਮੇਲ ਕਰਦੇ ਹੋਏ ਸ਼ਾਂਤਮਈ ਚੋਣਾਂ (Elections) ਨੂੰ ਯਕੀਨੀ ਬਣਾਉਣ ਲਈ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਸਫਲ ਕਰਨ ਲਈ ਬੀਐਸਐਫ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਏਗੀ। ਇਸ ਮੌਕੇ ਐਸਪੀ ਰਮਨੀਸ਼ ਚੌਧਰੀ, ਡੀਐਸਪੀ ਡੀ ਰਛਪਾਲ ਸਿੰਘ ਦੀ ਹਾਜ਼ਰ ਸਨ।

Scroll to Top