Ukraine

ਰੂਸ-ਯੂਕਰੇਨ ਯੁੱਧ ਦੀ ਵਰ੍ਹੇਗੰਢ ਤੋਂ ਪਹਿਲਾਂ ਯੂਕਰੇਨ ਪਹੁੰਚੇ ਜੋਅ ਬਿਡੇਨ, ਯੂਕਰੇਨ ਲਈ ਕੀਤੇ ਵੱਡੇ ਐਲਾਨ

ਚੰਡੀਗੜ੍ਹ, 20 ਫਰਵਰੀ 2023: 24 ਫਰਵਰੀ ਨੂੰ ਯੂਕਰੇਨ (Ukraine) ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ | ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ਅਤੇ ਯੂਕਰੇਨ ਦੀ ਜੰਗ ਦਾ ਇੱਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਕੀਵ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹ ਸੋਮਵਾਰ ਨੂੰ ਯੂਕਰੇਨ ਪਹੁੰਚੇ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਯੂਕਰੇਨ ਪਹੁੰਚੇ ਹਨ।

ਬਿਡੇਨ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ ਅਮਰੀਕਾ ਹੁਣ ਤੱਕ ਯੂਕਰੇਨ ਨੂੰ ਦੂਰੋਂ ਹੀ ਫੌਜੀ ਮਦਦ ਦਿੰਦਾ ਆ ਰਿਹਾ ਹੈ। ਜੋ ਬਿਡੇਨ ਕਈ ਮੌਕਿਆਂ ‘ਤੇ ਐਲਾਨ ਕਰ ਚੁੱਕੇ ਹਨ ਕਿ ਉਹ ਹਰ ਕੀਮਤ ‘ਤੇ ਯੂਕਰੇਨ ਦੇ ਨਾਲ ਖੜੇ ਹੋਣਗੇ। ਹਾਲਾਂਕਿ, ਸੋਮਵਾਰ ਨੂੰ ਉਨ੍ਹਾਂ ਦੀ ਯੂਕਰੇਨ ਯਾਤਰਾ ਨੇ ਕ੍ਰੇਮਲਿਨ ਦੇ ਰਣਨੀਤੀਕਾਰਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ।

ਯੂਕਰੇਨ ਪਹੁੰਚ ਕੇ ਬਿਡੇਨ ਨੇ ਯੁੱਧਗ੍ਰਸਤ ਦੇਸ਼ ਨੂੰ ਹੋਰ ਮਦਦ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਵੱਧ ਤੋਂ ਵੱਧ ਨਵੇਂ ਹਥਿਆਰ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਯੂਕਰੇਨ ਦੀ ਸੁਰੱਖਿਆ ਲਈ ਹਵਾਈ ਨਿਗਰਾਨੀ ਰਾਡਾਰ ਦੇਣ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਯੂਕਰੇਨ (Ukraine) ਦੇ ਰਾਸ਼ਟਰਪਤੀ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਕੀਵ ਦੌਰਾ ਯੂਕਰੇਨ ਲਈ ਸਮਰਥਨ ਦਾ ਅਹਿਮ ਸੰਕੇਤ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬਿਡੇਨ ਮੰਗਲਵਾਰ ਨੂੰ ਯੂਕਰੇਨ ਨੂੰ 50 ਕਰੋੜ ਡਾਲਰ ਦੀ ਫੌਜੀ ਮਦਦ ਦਾ ਐਲਾਨ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਕੀਵ ਦੀ ਆਪਣੀ ਯਾਤਰਾ ਦੌਰਾਨ ਕਿਹਾ ਕਿ ਅਸੀਂ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਵਰ੍ਹੇਗੰਢ ਦੇ ਨੇੜੇ ਹਾਂ। ਮੈਂ ਯੂਕਰੇਨ ਦੀ ਲੋਕਤੰਤਰ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਕੀਵ ਵਿੱਚ ਹਾਂ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਜਦੋਂ ਪੁਤਿਨ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ ਤਾਂ ਉਸ ਨੇ ਯੂਕਰੇਨ ਨੂੰ ਕਮਜ਼ੋਰ ਸਮਝਿਆ ਸੀ ਅਤੇ ਪੱਛਮ ਵੰਡਿਆ ਹੋਇਆ ਸੀ ਪਰ ਉਹ ਗਲਤ ਸੀ। ਪਿਛਲੇ ਸਾਲ ਤੋਂ ਅਮਰੀਕਾ ਨੇ ਯੂਕਰੇਨ ਨੂੰ ਫੌਜੀ, ਆਰਥਿਕ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਸਹਿਯੋਗ ਜਾਰੀ ਰਹੇਗਾ।

Scroll to Top