ਚੰਡੀਗੜ੍ਹ, 01 ਸਤੰਬਰ 2023: ਰੇਲਵੇ ਬੋਰਡ ਦੀ ਪਹਿਲੀ ਬੀਬੀ ਚੇਅਰਪਰਸਨ ਜਯਾ ਵਰਮਾ ਸਿਨਹਾ (Jaya Verma Sinha) ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਅਨਿਲ ਕੁਮਾਰ ਲਾਹੋਟੀ ਦੀ ਥਾਂ ਲਈ ਹੈ। ਰੇਲਵੇ ਬੋਰਡ ਦੇ 166 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੀਬੀ ਨੂੰ ਬੋਰਡ ਦੀ ਚੇਅਰਪਰਸਨ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ।
ਜਯਾ ਵਰਮਾ ਸਿਨਹਾ ਇਸ ਤੋਂ ਪਹਿਲਾਂ ਰੇਲਵੇ ਬੋਰਡ ਵਿੱਚ ਸੰਚਾਲਨ ਅਤੇ ਵਪਾਰ ਵਿਕਾਸ ਦੇ ਮੈਂਬਰ ਰਹਿ ਚੁੱਕੇ ਹਨ। ਲਾਹੋਟੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰੇਲਵੇ ਨੇ ਉਨ੍ਹਾਂ ਦੀ ਥਾਂ ਨਵਾਂ ਚੇਅਰਮੈਨ ਬਣਾਉਣ ਲਈ ਚਾਰ ਲੋਕਾਂ ਦਾ ਪੈਨਲ ਬਣਾਇਆ ਸੀ। ਇਸੇ ਪੈਨਲ ਨੇ ਜਯਾ ਵਰਮਾ ਨੂੰ ਨਵਾਂ ਚੇਅਰਮੈਨ ਬਣਾਉਣ ਲਈ ਸਹਿਮਤੀ ਜਤਾਈ ਹੈ। ਜਯਾ 31 ਅਗਸਤ 2024 ਤੱਕ ਇਸ ਅਹੁਦੇ ‘ਤੇ ਰਹੇਗੀ।
ਉੜੀਸਾ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦੇ ਸਮੇਂ ਜਯਾ ਨੇ ਸਰਕਾਰ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੀਐਮਓ ਵਿੱਚ ਇਸ ਘਟਨਾ ਦੀ ਪਾਵਰ ਪ੍ਰੈਜੈਂਟੇਸ਼ਨ ਵੀ ਦਿੱਤੀ। ਇਸ ਹਾਦਸੇ ਦੌਰਾਨ ਜਯਾ ਵਰਮਾ ਦੇ ਕੰਮ ਦੀ ਕਾਫੀ ਤਾਰੀਫ਼ ਹੋਈ।