ਚੰਡੀਗੜ੍ਹ, 02 ਅਕਤੂਬਰ 2024: ਭਾਰਤ ਨੇ ਬੰਗਲਾਦੇਸ਼ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ | ਇਸ ਸੀਰੀਜ਼ ‘ਚ ਭਾਰਤੀ ਗੇਂਦਬਾਜਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਇਸਦਾ ਫਾਇਦਾ ਮਿਲਿਆ ਹੈ |
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਦੁਨੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ। ਅਨੁਭਵੀ ਗੇਂਦਬਾਜ਼ ਨੇ ਹਾਲ ਹੀ ‘ਚ ਬੰਗਲਾਦੇਸ਼ ਦੇ ਖਿਲਾਫ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚਿਆ ਹੈ।
ਇਸ ਤੇਜ਼ ਗੇਂਦਬਾਜ਼ ਨੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ 11 ਵਿਕਟਾਂ ਲਈਆਂ ਸਨ। ਬੁਮਰਾਹ ਇੱਕ ਥਾਂ ਛਾਲ ਮਾਰ ਕੇ ਸਿਖਰ ’ਤੇ ਪਹੁੰਚ ਗਿਆ। ਹੁਣ ਜਸਪ੍ਰੀਤ ਬੁਮਰਾਹ ਦੇ 870 ਅੰਕ ਹਨ। ਇਸ ਦੇ ਨਾਲ ਹੀ ਅਸ਼ਵਿਨ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਉਸ ਦੇ ਖਾਤੇ ‘ਚ 869 ਅੰਕ ਹਨ। ਇਹ ਦੂਜੀ ਵਾਰ ਹੈ ਜਦੋਂ ਬੁਮਰਾਹ (Jasprit Bumrah) ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚੇ ਹਨ।
ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ‘ਚ ਇਸ ਤੇਜ਼ ਗੇਂਦਬਾਜ਼ ਨੇ ਇੰਗਲੈਂਡ ਖ਼ਿਲਾਫ ਸੀਰੀਜ਼ ਤੋਂ ਬਾਅਦ ਪਹਿਲਾ ਸਥਾਨ ਹਾਸਲ ਕੀਤਾ ਸੀ। ਉਦੋਂ ਉਸ ਨੇ ਤਿੰਨ ਸਥਾਨ ਹਾਸਲ ਕੀਤੇ ਸਨ। ਉਹ ਚੋਟੀ ਦਾ ਟੈਸਟ ਗੇਂਦਬਾਜ਼ ਬਣਨ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣਿਆ। ਉਸ ਤੋਂ ਪਹਿਲਾਂ, ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਟੈਸਟ ਗੇਂਦਬਾਜ਼ਾਂ ‘ਚ ਸਭ ਤੋਂ ਉੱਚੀ ਰੈਂਕਿੰਗ ਹਾਸਲ ਕਰਨ ਵਾਲੇ ਇਕਲੌਤੇ ਭਾਰਤੀ ਗੇਂਦਬਾਜ਼ ਸਨ। ਦਸੰਬਰ 1979 ਤੋਂ ਫਰਵਰੀ 1980 ਦਰਮਿਆਨ ਉਹ ਦੂਜੇ ਸਥਾਨ ‘ਤੇ ਰਹੇ ਸਨ। ਇਸ ਦੇ ਨਾਲ ਹੀ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਟੈਸਟ ਰੈਂਕਿੰਗ ‘ਚ ਫਾਇਦਾ ਹੋਇਆ ਹੈ |