ਚੰਡੀਗੜ੍ਹ, 04 ਦਸੰਬਰ 2025: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਪਾਨ ਫੇਰੀ ਨਾਲ ਪੰਜਾਬ ‘ਚ ਵੱਡਾ ਨਿਵੇਸ਼ ਆਵੇਗਾ ਅਤੇ ਰਣਨੀਤਕ ਸਬੰਧ ਮਜ਼ਬੂਤ ਹੋਣਗੇ।ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਨੇ ਜਾਪਾਨੀ ਉਦਯੋਗਜਗਤ ਦੀ ਮੋਹਰੀ ਕੰਪਨੀ ਟੋਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ.ਐਸ.ਐਫ.) ਨਾਲ ਅਹਿਮ ਨਿਵੇਸ਼ ਸਮਝੌਤਾ ਕੀਤਾ ਗਿਆ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਇਹ ਕੰਪਨੀ ਪੰਜਾਬ ‘ਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਕੰਪਨੀ ਨਾਲ ਇਹ ਸਮਝੌਤਾ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਨ ਦੇ ਸਫ਼ਰ ‘ਚ ਇੱਕ ਵੱਡਾ ਮੀਲ ਪੱਥਰ ਹੋਵੇਗਾ।
ਕੈਬਨਿਟ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਤਕਨੀਕੀ ਵਿਦਿਅਕ ਸਮਰੱਥਾ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਸਕਿੱਲਿੰਗ ਐਕਸੀਲੈਂਸ ਸੈਂਟਰ ਉਦਯੋਗ-ਅਨੁਕੂਲ ਹੁਨਰ ਦਾ ਵਿਸਤਾਰ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਾਏਗਾ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ |
ਉਨ੍ਹਾਂ ਕਿਹਾ ਕਿ ਇਹ ਰਣਨੀਤਕ ਪਹੁੰਚ ਸਾਡੀਆਂ ਪ੍ਰਸ਼ਾਸਕੀ ਸਫ਼ਲਤਾਵਾਂ ਅਤੇ ਭਵਿੱਖਮੁਖੀ ਯੋਜਨਾਵਾਂ ਨੂੰ ਸਾਂਝਾ ਕਰਦਿਆਂ ਵੱਡੇ ਪੱਧਰ ‘ਤੇ ਪੰਜਾਬ ਦੀ ਇੱਕ ਸਫ਼ਲ ਪਛਾਣ ਕਾਇਮ ਕਰੇਗੀ ਜਿਸ ਨਾਲ ਦੁਨੀਆਂ ਨੂੰ ਪਤਾ ਚੱਲੇਗਾ ਕਿ ਪੰਜਾਬ ਨਾ ਸਿਰਫ਼ ਕਾਰੋਬਾਰ ਲਈ ਖੁੱਲ੍ਹਾ ਹੈ ਸਗੋਂ ਇਹ ਭਵਿੱਖ ਲਈ ਵੀ ਅਜਿਹੇ ਰਣਨੀਤਕ ਸਬੰਧ ਕਾਇਮ ਕਰ ਰਿਹਾ ਹੈ, ਜੋ ਇਸ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਲੋਕਾਂ ਵਿੱਚ ਨਿਵੇਸ਼ ਲਈ ਹੱਥ ਵਧਾਉਂਦੇ ਹਨ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਵਫ਼ਦ ਵੱਲੋਂ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ, ਆਟੋ-ਡੀਮਡ ਪ੍ਰਵਾਨਗੀਆਂ ਅਤੇ ਪ੍ਰਗਤੀਸ਼ੀਲ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਸਮੇਤ ਸੂਬੇ ਦੇ ਬੇਮਿਸਾਲ ਸ਼ਾਸਨ ਸੁਧਾਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਨਵੀਂ ਉਦਯੋਗਿਕ ਨੀਤੀ 2022 ‘ਚ ਦਰਜ ਅਤੇ ਉਦਯੋਗਪਤੀਆਂ ਦੀ ਪ੍ਰਧਾਨਗੀ ਵਾਲੀਆਂ 24 ਸੈਕਟਰ-ਆਧਾਰਤ ਕਮੇਟੀਆਂ ਵੱਲੋਂ ਸੇਧਤ ਇਨ੍ਹਾਂ ਉਪਾਵਾਂ ਸਦਕਾ ਸੂਬੇ ਨੂੰ ਪਹਿਲਾਂ ਹੀ ਇਨਵੈਸਟ ਪੰਜਾਬ ਰਾਹੀਂ 1.4 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਹਾਸਲ ਹੋ ਚੁੱਕਾ ਹੈ।
Read More: ਟ੍ਰਾਈਡੈਂਟ ਗਰੁੱਪ ਪੰਜਾਬ ‘ਚ 2000 ਕਰੋੜ ਰੁਪਏ ਦਾ ਕਰੇਗਾ ਨਿਵੇਸ਼: ਸੰਜੀਵ ਅਰੋੜਾ




