July 7, 2024 11:14 pm
PM Modi

ਜਾਪਾਨ ਦੇ ਪ੍ਰਧਾਨ ਮੰਤਰੀ ਵਲੋਂ PM ਮੋਦੀ ਨਾਲ ਮੁਲਾਕਾਤ, ਤਕਨਾਲੋਜੀ ਖੇਤਰਾਂ ‘ਚ ਸਹਿਯੋਗ ਨੂੰ ਵਧਾਉਣ ‘ਤੇ ਦਿੱਤਾ ਜ਼ੋਰ

ਚੰਡੀਗੜ੍ਹ, 20 ਮਾਰਚ, 2023: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜਾਪਾਨ ਦੇ ਪ੍ਰਧਾਨ ਮੰਤਰੀ ਦਿੱਲੀ ਪਹੁੰਚੇ।

ਜਾਪਾਨੀ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਉਦੇਸ਼ ਰੱਖਿਆ, ਵਪਾਰ, ਨਿਵੇਸ਼ ਅਤੇ ਉੱਚ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ। ਫੂਮਿਓ ਕਿਸ਼ਿਦਾ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਭਾਰਤ ਦੀ ਪ੍ਰਧਾਨਗੀ ‘ਚ ਹੋਣ ਵਾਲੇ ਜੀ-20 ਅਤੇ ਜਾਪਾਨ ਦੀ ਪ੍ਰਧਾਨਗੀ ‘ਚ ਹੋਣ ਵਾਲੀ ਜੀ-7 ਬੈਠਕਾਂ ਦੀਆਂ ਤਰਜੀਹਾਂ ‘ਤੇ ਗੱਲਬਾਤ ਹੋਵੇਗੀ।

ਜਾਪਾਨ ਦੇ ਪ੍ਰਧਾਨ ਮੰਤਰੀ ਭਾਰਤ ਵਿੱਚ ਕਰੀਬ 27 ਘੰਟੇ ਬਿਤਾਉਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ, ਉਹ ਇੱਕ ਥਿੰਕ ਟੈਂਕ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ, ਜਿੱਥੇ ਉਹ ਆਪਣੇ ਸੰਬੋਧਨ ਵਿੱਚ ਇੱਕ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੀਆਂ ਯੋਜਨਾਵਾਂ ਬਾਰੇ ਦੱਸਣਗੇ । ਦੱਸ ਦੇਈਏ ਕਿ ਚੀਨ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਲਗਾਤਾਰ ਆਪਣੀ ਤਾਕਤ ਵਧਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਨੇ ਇਕ ਕਵਾਡ ਬਣਾ ਕੇ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੀ ਯੋਜਨਾ ਬਣਾਈ ਹੈ।

ਇਸਦੇ ਨਾਲ ਹੀ ਕਿਸ਼ਿਦਾ ਮੁਕਤ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਲਈ ਭਾਰਤ ਦੀ ਵਧਦੀ ਭੂਮਿਕਾ ‘ਤੇ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਮੁਕਤ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਲਈ ਭਾਰਤ ਅਤੇ ਜਾਪਾਨ ਦਰਮਿਆਨ ਗਸ਼ਤ ਵਧਾਉਣ, ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਸਮਰੱਥਾ ਵਧਾਉਣ, ਸਾਈਬਰ ਸੁਰੱਖਿਆ, ਡਿਜੀਟਲ ਅਤੇ ਹਰੀ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਜਾਪਾਨ ਲਗਾਤਾਰ ਚੀਨ ਦੀ ਵਧਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ‘ਚ LAC ‘ਤੇ ਚੀਨ ਹਮਲਾਵਰ ਰੁਖ ਅਪਣਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਸੇਨਕਾਕੂ ਟਾਪੂ ‘ਤੇ ਵੀ ਆਪਣਾ ਅਧਿਕਾਰ ਜਤਾਉਂਦਾ ਹੈ, ਜਿਸ ਨੂੰ ਲੈ ਕੇ ਉਸ ਦਾ ਜਾਪਾਨ ਨਾਲ ਵਿਵਾਦ ਚੱਲ ਰਿਹਾ ਹੈ। ਭਾਰਤ ਅਤੇ ਜਾਪਾਨ ਦਰਮਿਆਨ ਵਧਦੇ ਸਹਿਯੋਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਾਲ 2022 ਵਿੱਚ ਤਿੰਨ ਵਾਰ ਮਿਲੇ ਸਨ। ਸਾਲ 2023 ‘ਚ ਵੀ ਦੋਵਾਂ ਨੇਤਾਵਾਂ ਦੇ ਤਿੰਨ ਵਾਰ ਮਿਲਣ ਦੀ ਉਮੀਦ ਹੈ। ਜਿਸ ਵਿੱਚ ਜੀ20, ਜੀ7 ਅਤੇ ਕਵਾਡ ਦੀ ਮੀਟਿੰਗ ਸ਼ਾਮਲ ਹੈ।