Ukraine

ਜਾਪਾਨ ਦੇ PM ਫੂਮਿਓ ਕਿਸ਼ਿਦਾ ਦੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ, ਰੂਸੀ ਹਮਲਿਆਂ ਦੀ ਕੀਤੀ ਨਿੰਦਾ

ਚੰਡੀਗੜ੍ਹ, 22 ਮਾਰਚ 2023: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਯੂਕਰੇਨ (Ukraine) ਦੇ ਦੌਰੇ ‘ਤੇ ਸਨ। ਇਸ ਦੌਰਾਨ ਮੰਗਲਵਾਰ ਨੂੰ ਉਨ੍ਹਾਂ ਨੇ ਕੀਵ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਦੋਵਾਂ ਨੇਤਾਵਾਂ ਨੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ | ਜਿਕਰਯੋਗ ਹੈ ਕਿ ਭਾਰਤ ਦੌਰੇ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਯੂਕਰੇਨ ਦੇ ਦੌਰੇ ‘ਤੇ ਗਏ ਸਨ।

ਦੋਵੇਂ ਦੇਸ਼ਾਂ ਦੇ ਨੇਤਾਵਾਂ ਦੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ‘ਚ ਰੂਸ ਦੇ ਹਮਲੇ ਦੀ ਆਲੋਚਨਾ ਕੀਤੀ ਗਈ। ਬਿਆਨ ‘ਚ ਕਿਹਾ ਗਿਆ ਹੈ ਕਿ ਰੂਸ ਦਾ ਹਮਲਾ ਕੌਮਾਂਤਰੀ ਵਿਵਸਥਾ ਦੀ ਉਲੰਘਣਾ ਕਰਦਾ ਹੈ, ਜੋ ਕਿ ਨਿਆਂ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਇਹ ਸੰਯੁਕਤ ਰਾਸ਼ਟਰ ਚਾਰਟਰ ਦੇ ਬੁਨਿਆਦੀ ਸਿਧਾਂਤਾਂ, ਖਾਸ ਕਰਕੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਵੀ ਉਲੰਘਣਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਯੂਰੋ-ਅਟਲਾਂਟਿਕ ਖੇਤਰ ਦੀ ਸੁਰੱਖਿਆ ਅਤੇ ਸ਼ਾਂਤੀ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਲਈ ਸਿੱਧਾ ਖ਼ਤਰਾ ਹੈ।

ਦੋਵੇਂ ਦੇਸ਼ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਰੂਸ ਦੇ ਕਬਜ਼ੇ ਵਾਲੇ ਯੂਕਰੇਨ (Ukraine) ਦੇ ਖੇਤਰਾਂ ਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਰੂਸ ਨੂੰ ਯੂਕਰੇਨ ਦੇ ਪੂਰੇ ਖੇਤਰ ਤੋਂ ਫੌਜਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ। ਸਾਂਝੇ ਬਿਆਨ ਵਿੱਚ ਯੂਕਰੇਨ ਦੇ ਰਿਹਾਇਸ਼ੀ, ਬੁਨਿਆਦੀ ਢਾਂਚੇ ਅਤੇ ਊਰਜਾ ਸਹੂਲਤਾਂ ਉੱਤੇ ਰੂਸ ਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ।

ਦੱਸ ਦੇਈਏ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਯੂਕਰੇਨ ਦੇ ਦੌਰੇ ‘ਤੇ ਅਜਿਹੇ ਸਮੇਂ ਗਏ ਹਨ, ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸ ਦੇ ਦੌਰੇ ‘ਤੇ ਗਏ ਹੋਏ ਹਨ। ਮਈ ‘ਚ ਜਾਪਾਨ ‘ਚ G7 ਸੰਮੇਲਨ ਹੋਣਾ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੀ ਇਸ ਸੰਮੇਲਨ ‘ਚ ਹਿੱਸਾ ਲੈ ਸਕਦੇ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਯੂਕਰੇਨ ਦਾ ਦੌਰਾ ਕਰਨ ਤੋਂ ਬਾਅਦ ਪੋਲੈਂਡ ਪਹੁੰਚ ਗਏ ਹਨ। ਜਿੱਥੇ ਉਹ ਪੋਲੈਂਡ ਦੇ ਆਗੂਆਂ ਨਾਲ ਮੀਟਿੰਗ ਕਰਨਗੇ।

Scroll to Top