July 2, 2024 9:19 pm
NATO

NATO ਸੰਮੇਲਨ ਤੋਂ ਦੂਰ ਰਹੇ ਜਾਪਾਨ, ਇਤਿਹਾਸ ਤੋਂ ਸਬਕ ਲੈਣ PM ਫੂਮਿਓ ਕਿਸ਼ਿਦਾ: ਚੀਨ

ਚੰਡੀਗੜ੍ਹ, 29 ਮਈ 2023: ਚੀਨ ਨੇ ਜਾਪਾਨ ਨੂੰ ਜੁਲਾਈ ‘ਚ ਹੋਣ ਵਾਲੇ ਨਾਟੋ ਸੰਮੇਲਨ (NATO Summit) ‘ਚ ਹਿੱਸਾ ਨਾ ਲੈਣ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਟੋ ਸੰਮੇਲਨ ‘ਚ ਸ਼ਾਮਲ ਹੋਣ ਲਈ ਲਿਥੁਆਨੀਆ ਨਾ ਜਾਣ। ਇਸ ਕਾਰਨ ਇਸ ਇਲਾਕੇ ਵਿੱਚ ਸ਼ਾਂਤੀ ਬਣੀ ਰਹੇਗੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਜਾਪਾਨ ਸਮੇਤ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਕੋਈ ਵੀ ਕਾਰਵਾਈ ਇਸ ਖੇਤਰ ਦੀ ਸ਼ਾਂਤੀ ਨੂੰ ਦਾਅ ‘ਤੇ ਲਗਾ ਸਕਦੀ ਹੈ ਅਤੇ ਸਭ ਨੂੰ ਨੁਕਸਾਨ ਹੋਣ ਦਾ ਖਤਰਾ ਹੈ।

ਜੁਲਾਈ ਵਿੱਚ ਲਿਥੁਆਨੀਆ ਵਿੱਚ ਨਾਟੋ ਸੰਮੇਲਨ (NATO Summit) ਹੋਣਾ ਹੈ। ਰੂਸ-ਯੂਕਰੇਨ ਯੁੱਧ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸੰਦਰਭ ‘ਚ ਇਸ ਸੰਮੇਲਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਜਾਪਾਨ ਨਾਟੋ ਦਾ ਹਿੱਸਾ ਨਹੀਂ ਹੈ ਪਰ ਅਮਰੀਕਾ ਅਤੇ ਹੋਰ ਮੈਂਬਰ ਦੇਸ਼ਾਂ ਨੇ ਇਸ ਨੂੰ ਵਿਸ਼ੇਸ਼ ਸੱਦਾ ਦਿੱਤਾ ਹੈ। ਜਾਪਾਨ ਦੀ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਿਥੁਆਨੀਆ ਜਾ ਸਕਦੇ ਹਨ। ਉਦੋਂ ਤੋਂ ਚੀਨੀ ਸਰਕਾਰ ਜਾਪਾਨ ‘ਤੇ ਦਬਾਅ ਬਣਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਜਾਪਾਨ ਅਤੇ ਨਾਟੋ ਦੇ ਬਾਕੀ ਮੈਂਬਰ ਟੈਕਨਾਲੋਜੀ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ‘ਤੇ ਨਵਾਂ ਸਮਝੌਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਨਾਟੋ ਪਲੱਸ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਵਿੱਚ ਭਾਰਤ ਅਤੇ ਜਾਪਾਨ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਜਾ ਸਕਦਾ ਹੈ।