July 4, 2024 10:37 pm
Japan

Japan: ਜਾਪਾਨ ‘ਚ ਫੈਲਿਆ ਮਾਸ ਖਾਣ ਵਾਲਾ ਬੈਕਟੀਰੀਆ, ਹੁਣ ਤੱਕ 977 ਮਾਮਲੇ ਆਏ ਸਾਹਮਣੇ

ਚੰਡੀਗੜ੍ਹ 17 ਜੂਨ 2024: ਜਾਪਾਨ (Japan) ‘ਚ ਕੋਰੋਨਾ ਤੋਂ ਬਾਅਦ ਹੁਣ ਇਕ ਨਵੀਂ ਖਤਰਨਾਕ ਬੀਮਾਰੀ ਸਾਹਮਣੇ ਆਈ ਹੈ। ਇਸ ‘ਚ ਬੈਕਟੀਰੀਆ ਮਰੀਜ਼ ਦੇ ਸਰੀਰ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਬੀਮਾਰੀ ਦਾ ਨਾਂ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਹੈ। ਰਿਪੋਰਟ ਮੁਤਾਬਕ ਇਸ ਬੀਮਾਰੀ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਦੇ ਅੰਦਰ ਹੋ ਜਾਂਦੀ ਹੈ।

ਇਸਦੇ ਨਾਲ ਹੀ ਜਾਪਾਨ ਵਿੱਚ ਹੁਣ ਤੱਕ 977 ਮਾਮਲੇ ਸਾਹਮਣੇ ਆਏ ਹਨ। ਇਹ ਬਿਮਾਰੀ ਗਰੁੱਪ ਏ ਸਟ੍ਰੈਪਟੋਕਾਕਸ (GAS) ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬਿਮਾਰੀ ਬੱਚਿਆਂ ਅਤੇ ਬਜ਼ੁਰਗਾਂ ਲਈ ਸਭ ਤੋਂ ਖਤਰਨਾਕ ਹੈ। ਇਸ ਨਾਲ ਸੰਕਰਮਿਤ ਲੋਕ ਪਹਿਲਾਂ ਸੋਜ ਅਤੇ ਗਲੇ ਦੀ ਖਰਾਸ਼ ਤੋਂ ਪੀੜਤ ਹੁੰਦੇ ਹਨ।

ਇਸ ਤੋਂ ਇਲਾਵਾ ਸਰੀਰ ‘ਚ ਦਰਦ, ਬੁਖਾਰ, ਘੱਟ ਬਲੱਡ ਪ੍ਰੈਸ਼ਰ, ਨੈਕਰੋਸਿਸ (ਸਰੀਰ ਦੇ ਟਿਸ਼ੂ ਮਰ ਜਾਣਾ), ਸਾਹ ਲੈਣ ‘ਚ ਤਕਲੀਫ, ਅੰਗ ਫੇਲ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਇਸਦੇ ਨਾਲ ਹੀ ਮੌਤ ਕੁਝ ਘੰਟਿਆਂ ਵਿੱਚ ਹੁੰਦੀ ਹੈ। ਸਟ੍ਰੈਪਟੋਕਾਕਸ ਬਿਮਾਰੀ ਹੁਣ ਯੂਰਪ ਦੇ 5 ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਇਨ੍ਹਾਂ ਵਿੱਚ ਬ੍ਰਿਟੇਨ, ਫਰਾਂਸ, ਆਇਰਲੈਂਡ, ਨੀਦਰਲੈਂਡ ਅਤੇ ਸਵੀਡਨ ਸ਼ਾਮਲ ਹਨ। ਇੱਥੇ ਇਸ ਬੈਕਟੀਰੀਆ ਨੇ ਬੱਚਿਆਂ ‘ਤੇ ਸਭ ਤੋਂ ਜ਼ਿਆਦਾ ਹਮਲਾ ਕੀਤਾ ਹੈ।

ਟੋਕੀਓ ਦੀ ਇੱਕ ਮਹਿਲਾ ਡਾਕਟਰ ਕੇਨ ਕਿਕੂਚੀ ਦੇ ਮੁਤਾਬਕ, ਪਹਿਲਾਂ ਮਰੀਜ਼ ਦੇ ਸਰੀਰ ਵਿੱਚ, ਖਾਸ ਕਰਕੇ ਲੱਤਾਂ ਵਿੱਚ ਸੋਜ ਦਿਖਾਈ ਦਿੰਦੀ ਹੈ, ਫਿਰ ਕੁਝ ਘੰਟਿਆਂ ਬਾਅਦ ਇਹ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ। ਇਸ ਤੋਂ ਬਾਅਦ 48 ਘੰਟਿਆਂ ਦੇ ਅੰਦਰ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਕਿਕੂਚੀ ਨੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਅਤੇ ਖੁੱਲ੍ਹੇ ਜ਼ਖ਼ਮਾਂ ਦਾ ਤੁਰੰਤ ਇਲਾਜ ਕਰਨ ਦੀ ਅਪੀਲ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ ਜਿਸ ਦਰ ਨਾਲ ਇਹ ਬਿਮਾਰੀ ਵੱਧ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਭਵਿੱਖ ਵਿੱਚ ਜਾਪਾਨ (Japan) ਵਿੱਚ ਹਰ ਸਾਲ ਇਸ ਬਿਮਾਰੀ ਦੇ 2500 ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਦੇ ਨਾਲ ਹੀ ਇਸ ਕਾਰਨ ਮੌਤ ਦਰ 30% ਤੱਕ ਪਹੁੰਚ ਸਕਦੀ ਹੈ।

‘ਦਿ ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਜਨ ਸਿਹਤ ਬੁੱਧੀਜੀਵੀ ਡਾ: ਜਗਦੀਸ਼ ਹੀਰੇਮਠ ਨੇ ਦੱਸਿਆ ਕਿ ਇਹ ਬੈਕਟੀਰੀਆ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ, ਜਿਸ ਕਾਰਨ ਜਲਨ ਹੁੰਦੀ ਹੈ | ਫਿਰ ਇਹ ਸਰੀਰ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਸੋਜ ਫੈਲਣ ਲੱਗਦੀ ਹੈ। ਇਸ ਤੋਂ ਬਾਅਦ ਟਿਸ਼ੂ ਮਰੀਜ਼ ਦਾ ਮਾਸ ਖਾਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਤੇਜ਼ ਦਰਦ ਹੁੰਦਾ ਹੈ।