ਚੰਡੀਗੜ੍ਹ, 02 ਜਨਵਰੀ 2024: ਜਾਪਾਨ ਦੇ ਟੋਕੀਓ ਦੇ ਹਨੇਡਾ ਹਵਾਈ ਅੱਡੇ (Tokyo airport) ‘ਤੇ ਮੰਗਲਵਾਰ ਨੂੰ ਲੈਂਡਿੰਗ ਦੌਰਾਨ ਇਕ ਜਹਾਜ਼ ਦੇ ਅੰਦਰ ਭਿਆਨਕ ਅੱਗ ਲੱਗ ਗਈ। ਸਥਾਨਕ ਮੀਡੀਆ ਤੋਂ ਸਾਹਮਣੇ ਆਈ ਫੁਟੇਜ ‘ਚ ਜਹਾਜ਼ ਦੀ ਖਿੜਕੀ ‘ਚੋਂ ਅਤੇ ਉਸ ਦੇ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ।
ਜਾਪਾਨੀ ਸਮਾਚਾਰ ਏਜੰਸੀ NHK ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਦੇ ਲੈਂਡਿੰਗ ਤੋਂ ਬਾਅਦ ਕਿਸੇ ਹੋਰ ਜਹਾਜ਼ ਨਾਲ ਟਕਰਾ ਜਾਣ ਦਾ ਖਦਸ਼ਾ ਹੈ। ਇਸ ਵਿੱਚ ਬਹੁਤ ਸਾਰੇ ਯਾਤਰੀ ਹਨ। ਰਿਪੋਰਟਾਂ ਅਨੁਸਾਰ ਜੇਏਐਲ 516 ਜਹਾਜ਼ ਨੇ ਉਸੇ ਸਮੇਂ ਉਡਾਣ ਭਰੀ ਸੀ ਜਦੋਂ ਯਾਤਰੀ ਜਹਾਜ਼ ਉਤਰਿਆ ਸੀ। ਜਾਪਾਨ ਏਅਰਲਾਈਨਜ਼ (ਜੇਏਐਲ) ਦੇ ਬੁਲਾਰੇ ਨੇ ਦੱਸਿਆ ਕਿ ਹੋਕਾਈਡੋ ਦੇ ਸ਼ਿਨ-ਚਿਤੋਸੇ ਹਵਾਈ ਅੱਡੇ ਤੋਂ ਰਵਾਨਾ ਹੋਏ ਜਹਾਜ਼ ਵਿੱਚ ਲਗਭਗ 367 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰਿਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਜਾਪਾਨ ਦਾ ਟਰਾਂਸਪੋਰਟ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।