ਚੰਡੀਗੜ੍ਹ, 10 ਜਨਵਰੀ 2025: ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਲ ਇੰਡੀਆ ਅਲਾਇੰਸ (India Alliance) ਦੇ ਤਹਿਤ ਇਕੱਠੇ ਲੋਕ ਸਭਾ ਚੋਣਾਂ ਲੜੀਆਂ ਸਨ, ਹੁਣ ਦਿੱਲੀ ਵਿਧਾਨ ਸਭਾ ਚੋਣਾਂ ‘ਚ ਇੱਕ ਦੂਜੇ ਦੇ ਵਿਰੋਧੀ ਬਣ ਗਈਆਂ ਹਨ। ‘ਆਪ’ ਅਤੇ ਕਾਂਗਰਸ ਵੱਲੋਂ ਚੋਣ ਬਿਆਨਬਾਜ਼ੀ ਦਾ ਦੌਰ ਜਾਰੀ ਹੈ, ਇਸ ਦੌਰਾਨ ਦੋਵਾਂ ਪਾਰਟੀਆਂ ਵਿਚਕਾਰ ਲੜਾਈ ਨੂੰ ਦੇਖਦੇ ਹੋਏ ਉਮਰ ਅਬਦੁੱਲਾ (Omar Abdullah) ਨੇ ਇੱਕ ਵੱਡਾ ਬਿਆਨ ਦਿੱਤਾ ਹੈ।
ਜੰਮੂ-ਕਸ਼ਮੀਰ (Jammu and Kashmir) ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੰਡੀਆ ਗੱਠਜੋੜ (India Alliance) ਦੀ ਸਪੱਸ਼ਟਤਾ ਅਤੇ ਉਦੇਸ਼ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਗੱਠਜੋੜ ਸਿਰਫ਼ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਬਣਿਆ ਸੀ, ਤਾਂ ਇਸਨੂੰ ਭੰਗ ਕਰ ਦੇਣਾ ਚਾਹੀਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ‘ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੀ ਇਸ ‘ਚ ਕੋਈ ਭੂਮਿਕਾ ਨਹੀਂ ਹੈ ਅਤੇ ਇਹ ‘ਆਪ’, ਕਾਂਗਰਸ ਅਤੇ ਹੋਰ ਪਾਰਟੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਭਾਜਪਾ ਦਾ ਸਾਹਮਣਾ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਾਫੀ ਸਮੇਂ ਤੋਂ ਇੰਡੀਆ ਗੱਠਜੋੜ ਦੀ ਬੈਠਕ ਨਹੀਂ ਸੱਦੀ ਗਈ, ਜਿਸ ਕਰਕੇ ਕੁਝ ਸਪਸੱਟ ਨਹੀਂ ਹੋ ਰਿਹਾ ਇਹ ਅੱਗੇ ਚੱਲੇਗਾ ਜਾਂ ਨਹੀਂ |
ਇੰਡੀਆ ਗੱਠਜੋੜ ਦੀ ਭਵਿੱਖੀ ਦਿਸ਼ਾ ਅਤੇ ਲੀਡਰਸ਼ਿਪ ‘ਤੇ ਕੋਈ ਚਰਚਾ ਨਾ ਹੋਣ ਕਾਰਨ ਭੰਬਲਭੂਸੇ ਦੀ ਸਥਿਤੀ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਕਾਂਗਰਸ, ਜੋ ਕਿ ਦੇਸ਼ ਦੀ ਇਕਲੌਤੀ ਵੱਡੀ ਵਿਰੋਧੀ ਪਾਰਟੀ ਹੈ, ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਅਤੇ ਸਵੀਕਾਰਯੋਗ ਬਣਾਉਣ ਲਈ ਹੋਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੂੰ ਆਪਣੇ ਸਹਿਯੋਗੀਆਂ ‘ਚ ਅਸੰਤੁਸ਼ਟੀ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ਆਪਣੀ ਲੀਡਰਸ਼ਿਪ ਨੂੰ ਜਾਇਜ਼ ਠਹਿਰਾਉਣ ਲਈ ਕਾਫ਼ੀ ਕੁਝ ਨਹੀਂ ਕਰ ਰਹੀ ਹੈ।
ਜਿਕਰਯੋਗ ਹੈ ਕਿ ਦਿੱਲੀ ਦੀਆਂ 70 ਸੀਟਾਂ ਲਈ ਵੋਟਿੰਗ 5 ਫਰਵਰੀ 2025 ਨੂੰ ਹੋਵੇਗੀ, ਜਦੋਂ ਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਜਨਤਾ ਸਾਹਮਣੇ ਵਾਅਦਿਆਂ ਦੇ ਡੱਬੇ ਖੋਲ੍ਹ ਦਿੱਤੇ ਹਨ।
Read More: CM ਉਮਰ ਅਬਦੁੱਲਾ ਵੱਲੋਂ ਸੁਰੱਖਿਆ ਏਜੰਸੀਆ ਨੂੰ ਅ.ਤਿ.ਵਾ.ਦ ਖ਼ਿਲਾਫ ਹਰ ਸੰਭਵ ਕਦਮ ਚੁੱਕਣ ਦੀ ਅਪੀਲ